400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਦਿਅਕ ਮੁਕਾਬਲਿਆਂ ਦੇ ਦੂਜੇ ਚਰਨ ਵਿੱਚ ਗੀਤ ਗਾਇਨ ਮੁਕਾਬਲੇ ਦਾ ਪਹਿਲਾ ਪੜਾਅ ਮੁਕੰਮਲ

ਨਿਊਜ਼ ਪੰਜਾਬ
ਲੁਧਿਆਣਾ, 26 ਜੁਲਾਈ – ਸਕੂਲ ਸਿੱਖਿਆ ਵਿਭਾਗ, ਪੰਜਾਬ ਸਰਕਾਰ ਵਲੋਂ ਸਿੱਖਿਆ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਵਿੱਚ ਸ੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮੱਰਪਿਤ ਵਿਦਿਆਕ ਮੁਕਾਬਲਿਆਂ ਦੇ ਦੂਜੇ ਚਰਨ ਵਿੱਚ ਗੀਤ ਗਾਇਨ ਪ੍ਰਤੀਯੋਗਤਾ ਦਾ ਸਕੂਲ ਪੱਧਰੀ ਪੜਾਅ ਮੁਕੰਮਲ ਹੋਇਆ। ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਵਿੱਚ ਸੂਬੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ, ਬਾਣੀ ਅਤੇ ਸਿੱਖਿਆਵਾਂ ਨਾਲ ਭਰੇ ਗੀਤ ਗਾ ਕੇ ਇਸ ਪ੍ਰਤੀਯੋਗਤਾ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ।
ਇਸ ਪ੍ਰਤੀਯੋਗਤਾ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਸਿੱਖਿਆ ਅਫਸਰ (ਸ) ਸ੍ਰੀਮਤੀ ਸਵਰਨਜੀਤ ਕੌਰ ਨੇ ਦੱਸਿਆ ਕਿ ਵਿਦਿਅਕ ਮੁਕਾਬਲਿਆਂ ਦੇ ਦੂਜੇ ਚਰਨ ਵਿੱਚ ਗੀਤ ਗਾਇਨ ਪ੍ਰਤੀਯੋਗਤਾ ਵਿੱਚ ਸ਼ਬਦ ਗਾਇਨ ਪ੍ਰਤੀਯੋਗਤਾ ਨਾਲੋਂ ਵੀ ਜ਼ਿਆਦਾ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਉਨਾਂ ਦੱਸਿਆ ਕਿ ਵਿਦਿਅਕ ਮੁਕਾਬਲਿਆਂ ਦੇ ਮਿਡਲ ਵਰਗ ਵਿੱਚ 756 ਅਤੇ ਸੀਨੀਅਰ ਵਰਗ ਵਿੱਚ 565 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਵਿੱਚ ਮਿਡਲ ਵਰਗ ਦੇ 3 ਅਤੇ ਸੀਨੀਅਰ ਵਰਗ ਦੇ 6 ਵਿਦਿਆਰਥੀਆਂ ਨੇ ਹਿੱਸਾ ਲਿਆ।
ਉਪ ਜ਼ਿਲਾ ਸਿੱਖਿਆ ਅਫਸਰ (ਸ) ਡਾ. ਚਰਨਜੀਤ ਸਿੰਘ ਅਤੇ ਸ੍ਰੀ ਅਸੀਸ ਕੁਮਾਰ ਸ਼ਰਮਾ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਵਿਚੋਂ ਸਕੂਲ ਪੱਧਰ ਤੇ ਪਹਿਲੇ ਸਥਾਨ ਤੇ ਆਉਣ ਵਾਲਾ ਵਿਦਿਆਰਥੀ ਬਲਾਕ ਪੱਧਰੀ ਪ੍ਰਤੀਯੋਗਤਾ ਵਿੱਚ ਭਾਗ ਲਵੇਗਾ। ਉਨਾਂ ਵਿਦਿਅਕ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਜਿੱਥੇ ਮੁਬਾਰਕਵਾਦ ਦਿੱਤੀ ਅਤੇ ਸਕੂਲ ਮੁੱਖੀਆਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਮੁਕਾਬਲਿਆਂ ਵਿੱਚ ਹੋਰ ਜ਼ਿਆਦਾ ਵਿਦਿਆਰਥੀਆਂ ਦੀ ਸ਼ਮੀਲੀਅਤ ਕਰਵਾਉਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਜਾਵੇ।
ਜ਼ਿਲਾ ਨੋਡਲ ਅਫਸਰ ਗੁਰਕ੍ਰਿਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੀਤ ਗਾਇਨ ਦੇ ਬਲਾਕ ਪੱਧਰੀ ਨਤੀਜਿਆਂ ਲਈ ਹਰ ਬਲਾਕ ਤੋਂ ਤਿੰਨ ਜੱਜ ਨਿਯੁਕਤ ਕੀਤੇ ਗਏ ਹਨ ਅਤੇ ਇਨ੍ਹਾਂ ਜੱਜਾਂ ਨੂੰ ਬਲਾਕ ਬਦਲ ਕੇ ਵੀਡਿਓ ਫਾਈਲਾਂ ਜੱਜਮੈਂਟ ਲਈ ਭੇਜੀਆਂ ਜਾਣਗੀਆਂ ਤੇ ਦੋ ਦਿਨ ਬਾਦ ਬਲਾਕ ਪੱਧਰੀ ਨਤੀਜੇ ਜਾਰੀ ਕੀਤੇ ਜਾਣਗੇ।