ਲੁਧਿਆਣਾ – ਡਿਪਟੀ ਕਮਿਸ਼ਨਰ ਪ੍ਰਮੁੱਖ ਸਨਅਤਕਾਰਾਂ ਨਾਲ ਵੀਡੀਓ ਕਾਨਫਰੈਸਿੰਗ ਰਾਹੀ ਅੱਜ ਹੋਏ ਰੂ-ਬਰੂ

ਡਿਪਟੀ ਕਮਿਸ਼ਨਰ ਪ੍ਰਮੁੱਖ ਸਨਅਤਕਾਰਾਂ ਨਾਲ ਵੀਡੀਓ ਕਾਨਫਰੈਸਿੰਗ ਰਾਹੀ ਅੱਜ ਹੋਏ ਰੂ-ਬਰੂ
ਕੋਵਿਡ-19 ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸਾਸ਼ਨ ਨੂੰ ਸਹਿਯੋਗ ਦੇਣ ਦੀ ਕੀਤੀ ਅਪੀਲ
ਨਿੱਜੀ ਹਸਪਤਾਲਾਂ ‘ਚ ਖਾਲੀ ਪਏ ਬੈਡ ਦੀ ਸਹੀ ਜਾਣਕਾਰੀ ਬਾਰੇ ਸਮਰਪਿਤ ਪੋਰਟਲ ਸਥਾਪਿਤ – ਵਰਿੰਦਰ ਸ਼ਰਮਾ

ਨਿਊਜ਼ ਪੰਜਾਬ

ਲੁਧਿਆਣਾ, 25 ਜੁਲਾਈ  – ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਹਿਰ ਦੇ ਪ੍ਰਮੁੱਖ ਉਦਯੋਗਪਤੀਆਂ ਅਤੇ ਉਦਯੋਗਿਕ ਸੰਸਥਾਵਾਂ ਦੇ ਅਹੁਦੇਦਾਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ 19 ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਕਰਨ। ਡਿਪਟੀ ਕਮਿਸ਼ਨਰ ਵੱਲੋਂ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵੱਲੋਂ ਹਰ ਪੱਖੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਵੀ ਦਿੱਤਾ ਗਿਆ।
ਅੱਜ ਦੀ ਵੀਡੀਓ ਕਾਨਫਰੰਸਿੰਗ ਵਿਚ ਹੋਰਨਾਂ ਤੋਂ ਇਲਾਵਾ ਉਦਯੋਗਪਤੀ ਸ੍ਰੀ ਰਾਹੁਲ ਆਹੂਜਾ, ਉਪਕਾਰ ਸਿੰਘ ਆਹੂਜਾ, ਸ੍ਰੀ ਡੀ.ਐਸ.ਚਾਵਲਾ, ਸ੍ਰੀਮਤੀ ਮ੍ਰਿਦੁਲਾ ਜੈਨ ਅਤੇ ਸ਼੍ਰੀ ਚਿਰੰਜੀਵ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੰਦੀਪ ਕੁਮਾਰ, ਜੀ.ਐਮ.ਡੀ.ਆਈ.ਸੀ. ਸ੍ਰੀ ਮਹੇਸ਼ ਖੰਨਾ, ਦਯਾਨੰਦ ਹਸਪਤਾਲ ਤੋਂ ਡਾ. ਬਿਸ਼ਵ ਮੋਹਨ ਵੀ ਸ਼ਾਮਲ ਹੋਏ।
ਸ੍ਰੀ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਦੀ ਭਲਾਈ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਿੱਜੀ ਹਸਪਤਾਲਾਂ ਵਿੱਚ ਬਿਹਤਰ ਤਾਲਮੇਲ ਯਕੀਨੀ ਬਣਾਉਣ ਲਈ ਇੱਕ ਸਮਰਪਿਤ ਪੋਰਟਲ ਤਿਆਰ ਕੀਤਾ ਗਿਆ ਹੈ। ਇਸ ਪੋਰਟਲ ਰਾਹੀਂ ਹਰੇਕ ਹਸਪਤਾਲ ਵਿੱਚ ਖਾਲੀ ਪਏ ਬੈਡ ਦੀ ਸਹੀ ਸਥਿਤੀ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਖਾਸ ਹਸਪਤਾਲ ਵਿੱਚ ਖਾਲੀ ਬੈਡ ਨਾ ਹੋਣ ਦੀ ਸੂਰਤ ਵਿੱਚ ਮਰੀਜ਼ ਨੂੰ ਨੇੜਲੇ ਹਸਪਤਾਲ ਵਿੱਚ ਭੇਜਿਆ ਜਾ ਸਕੇ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਹੁਣ ਕੋਈ ਵੀ ਹਸਪਤਾਲ ਖਾਲੀ ਪਏ ਬੈਡ ਦੀ ਅਸਲ ਸਥਿਤੀ ਬਾਰੇ ਜਾਣਕਾਰੀ ਲੁਕਾ ਨਹੀਂ ਸਕੇਗਾ। ਉਨ੍ਹਾਂ ਕਿਹਾ ਕਿ ਇਸ ਪੋਰਟਲ ਦਾ ਸਿੱਧਾ ਕੰਟਰੋਲ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਕੋਲ ਹੈ। ਇਸ ਤੋਂ ਇਲਾਵਾ ਇਹ ਜਾਣਕਾਰੀ ਨਿੱਜੀ ਹਸਪਤਾਲਾਂ ਨਾਲ ਵੀ ਸਾਂਝੀ ਕੀਤੀ ਜਾ ਰਹੀ ਹੈ।
ਉਦਯੋਗਪਤੀਆਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੇ ਕੋਵਿਡ-19 ਵਿਰੁੱਧ ਲੜਨ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਹਮੇਸ਼ਾਂ ਸਮਰਥਨ ਕੀਤਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਕੋਵਡ-19 ਮਹਾਂਮਾਰੀ ਦੇ ਦੌਰਾਨ ਵਸਨੀਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲੁਧਿਆਣਾ ਦੇ ਐਮ.ਐਸ.ਐਮ.ਈ. ਸੈਕਟਰ ਨੇ ਪਹਿਲਾਂ ਵੀ ਜ਼ਿਲ੍ਹਾ ਪ੍ਰਸ਼ਾਸਨ ਨਾਲ 1.5 ਕਰੋੜ ਰੁਪਏ ਤੋਂ ਵੱਧ ਦਾ ਯੋਗਦਾਨ ਪਾਇਆ ਹੈ।
ਡਿਪਟੀ ਕਮਿਸ਼ਨਰ ਨੇ ਸਨਅਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਲੇਬਰ ਲਈ ਮਾਸਕ ਪਹਿਨਣਾ ਲਾਜ਼ਮੀ ਬਣਾਇਆ ਜਾਵੇ ਅਤੇ ਇਹ ਉਨ੍ਹਾਂ ਦੀ ਵਰਦੀ ਦਾ ਹਿੱਸਾ ਹੋਣਾ ਚਾਹੀਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਉਹ ਕੋਵਿਡ-19 ਤੋਂ ਆਪਣੇ ਆਪ ਨੂੰ ਬਚਾਉਣ ਦੇ ਤਰੀਕਿਆਂ ਬਾਰੇ ਕਾਮਿਆਂ ਨੂੰ ਬਾਰ-ਬਾਰ ਸੰਵੇਦਨਸ਼ੀਲ ਕਰਨ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ।

——–