ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਹੋਵੇਗੀ ਮੌਕ ਡ੍ਰਿਲ, ਵੱਜਣਗੇ 7 ਏਅਰ ਰੈੱਡ ਵਾਰਨਿੰਗ ਸਾਇਰਨ

ਨਿਊਜ਼ ਪੰਜਾਬ

27 ਨਵੰਬਰ,2026

ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਸਿਵਲ ਡਿਫੈਂਸ ਵੱਲੋਂ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਦੀਆਂ ਤਿਆਰੀਆਂ ਨੂੰ ਪਰਖਣ ਲਈ ਵਿਸ਼ੇਸ਼ ਮੌਕ ਡ੍ਰਿਲ ਕਰਵਾਈ ਜਾਵੇਗੀ। ਇਸ ਦੌਰਾਨ ਹਵਾਈ ਹਮਲੇ ਦੀ ਚਿਤਾਵਨੀ ਦੇਣ ਲਈ 7 ਏਅਰ ਰੈੱਡ ਵਾਰਨਿੰਗ ਸਾਇਰਨ ਵਜਾਏ ਜਾਣਗੇ। ਪੰਜਾਬ ਵਿੱਚ ਇਹ ਅਭਿਆਸ ਰਾਤ 8 ਵਜੇ ਅਤੇ ਚੰਡੀਗੜ੍ਹ ਵਿੱਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਇਸ ਦੌਰਾਨ ਪੰਜਾਬ ਦੇ ਤੈਅ ਖੇਤਰਾਂ ਵਿੱਚ 15 ਮਿੰਟ ਅਤੇ ਚੰਡੀਗੜ੍ਹ ਵਿੱਚ 20 ਮਿੰਟ ਲਈ ਬਲੈਕਆਊਟ ਕੀਤਾ ਜਾਵੇਗਾ। ਲੋਕਾਂ ਨੂੰ ਬੇਲੋੜੀਆਂ ਲਾਈਟਾਂ ਬੰਦ ਰੱਖਣ ਅਤੇ ਸਾਇਰਨ ਦੀ ਆਵਾਜ਼ ਸੁਣ ਕੇ ਘਬਰਾਉਣ ਦੀ ਬਜਾਏ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ। ਮੌਕ ਡ੍ਰਿਲ ਵਿੱਚ ਅੱਗ ਬੁਝਾਉਣ, ਖੋਜ ਅਤੇ ਬਚਾਅ, ਮੁੱਢਲੀ ਸਹਾਇਤਾ, ਜ਼ਖਮੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਅਤੇ ਭੀੜ ਨੂੰ ਕੰਟਰੋਲ ਕਰਨ ਵਰਗੀਆਂ ਐਮਰਜੈਂਸੀ ਗਤੀਵਿਧੀਆਂ ਦਾ ਅਭਿਆਸ ਕੀਤਾ ਜਾਵੇਗਾ। ਇਸ ਵਿੱਚ ਪੁਲਿਸ, ਹੋਮਗਾਰਡ, ਫਾਇਰ ਬ੍ਰਿਗੇਡ, ਸਿਹਤ ਵਿਭਾਗ ਅਤੇ ਐਨ.ਸੀ.ਸੀ. ਦੀਆਂ ਟੀਮਾਂ ਵੀ ਹਿੱਸਾ ਲੈਣਗੀਆਂ। ਅਭਿਆਸ ਦੇ ਅੰਤ ਵਿੱਚ ਲਗਾਤਾਰ ਦੋ ਮਿੰਟ ਤੱਕ ਉੱਚੀ ਆਵਾਜ਼ ਵਾਲਾ ਸਾਇਰਨ ਵਜਾਇਆ ਜਾਵੇਗਾ, ਜੋ ਕਿ ‘ਆਲ ਕਲੀਅਰ’ ਦਾ ਸੰਕੇਤ ਹੋਵੇਗਾ।