ਰਿਪੋਰਟ : ਗੁਰਦੀਸ਼ ਕੌਰ ਗਰੇਵਾਲ /
ਗੁਰਚਰਨ ਕੌਰ ਥਿੰਦ ਕੋਆਰਡੀਨੇਟਰ
ਕੈਲਗਰੀ: (25 -10-26) ਡਾ. ਬਲਵਿੰਦਰ ਕੌਰ ਬਰਾੜ ਅਤੇ ਗੁਰਚਰਨ ਕੌਰ ਥਿੰਦ ਦੀ ਸੁਚੱਜੀ ਅਗਵਾਈ ਹੇਠ ਚੱਲ ਰਹੀ ਸੰਸਥਾ ‘ਕੈਲਗਰੀ ਵੁਮੈਨ ਕਲਚਰਲ ਐਸੋਸੀਏਸ਼ਨ’ ਦਾ ਗਿਆਰਵਾਂ ਸਲਾਨਾ ਸਮਾਗਮ ਮਿਤੀ 25 ਅਕਤੂਬਰ ਨੂੰ ਟੈਂਪਲ ਕਮਿਊਨਿਟੀ ਹਾਲ ਵਿੱਚ ਸਵੇਰੇ 11 ਵਜੇ ਤੋਂ 3 ਵਜੇ ਤੱਕ ਬਹੁਤ ਹੀ ਸ਼ਾਨਦਾਰ ਹੋ ਨਿਬੜਿਆ।

‘ਲੋਕ ਕੀ ਕਹਿਣਗੇ?’ ਦੇ ਵਿਲੱਖਣ ਬੈਨਰ ਹੇਠ ਸੰਸਥਾ ਵੱਲੋਂ ਕਰਵਾਇਆ ਜਾਂਦਾ ਇਹ ਸਮਾਗਮ ਹਰ ਸਾਲ ਸਮਾਜ ਦੇ ਭਖਦੇ ਮੁੱਦਿਆਂ ਉੱਤੇ ਗੱਲ ਕਰਨ ਅਤੇ ਵਿਚਾਰ ਵਟਾਂਦਰਾ ਕਰਨ ਦਾ ਇੱਕ ਸਫਲ ਮੰਚ ਬਣ ਗਿਆ ਹੈ।
ਸਮਾਗਮ ਨੂੰ ਰਸਮੀ ਤੌਰ ਤੇ ਆਰੰਭ ਕਰਦਿਆਂ ਡਾ. ਬਲਵਿੰਦਰ ਕੌਰ ਬਰਾੜ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਉਪਰੰਤ ਲੈਂਡ ਅਕਨੋਲੇਜਮੈਂਟ ਅਤੇ ਕੈਨੇਡਾ ਦਾ ਰਾਸ਼ਟਰੀ ਗੀਤ ਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ ।




ਵਾਰਡ ਨੰਬਰ ਪੰਜ ਤੋਂ ਕਾਉਂਸਲਰ ਰਾਜ ਧਾਲੀਵਾਲ ਨੇ ਇੱਥੋਂ ਦੇ ਮੂਲ ਨਿਵਾਸੀਆਂ ਨਾਲ ਹੋਏ ਨਸਲੀ ਵਿਤਕਰੇ ਬਾਰੇ ਗੱਲ ਕੀਤੀ। ਐਮ. ਐਲ. ਏ. ਇਰਫਾਨ ਸਾਬਰ, ਐਮ. ਐਲ. ਏ. ਗੁਰਿੰਦਰ ਬਰਾੜ ਅਤੇ ਚੈਸਟਰਮੇਅਰ ਤੋਂ ਕੌਂਸਲਰ ਕਿਰਨ ਰੰਧਾਵਾ ਦੀ ਹਾਜ਼ਰੀ ਨੇ ਪ੍ਰਬੰਧਕਾਂ ਦਾ ਹੌਸਲਾ ਵਧਾਇਆ ।
ਉਪਰੰਤ ਮਾਹਿਰਾਂ ਦੇ ਪੈਨਲ ਵਿੱਚ ਸ਼ਾਨ ਅਲੀ, ਲਲਿਤਾ ਸਿੰਘ ਅਤੇ ਡਾ. ਰਮਨ ਗਿੱਲ ਨੇ ਵਾਰੋ ਵਾਰੀ ਦਰਸ਼ਕਾਂ ਨਾਲ ਨਸਲੀ ਵਿਤਕਰੇ ਕਾਰਨ ਪਰੇਸ਼ਾਨ ਹੁੰਦੇ ਘੱਟ ਗਿਣਤੀਆਂ ਨੂੰ ਜਾਗਰੂਕ ਹੋਣ ਲਈ ਪ੍ਰੇਰਿਆ ਅਤੇ ਜਾਣਕਾਰੀ ਨਾ ਹੋਣ ਕਾਰਨ ਸਾਡੇ ਵੱਲੋਂ ਅਣਜਾਣੇ ਵਿੱਚ ਕੀਤੇ ਜਾਂਦੇ ਨਸਲੀ ਭੇਦ ਭਾਵ ਬਾਰੇ ਜਾਣੂ ਕਰਵਾਇਆ।

ਦਰਸ਼ਕਾਂ ਦੀ ਉਤਸੁਕਤਾ ਅਤੇ ਉਹਨਾਂ ਦੇ ਮਨ ਵਿੱਚ ਉੱਠਦੇ ਪ੍ਰਸ਼ਨਾਂ ਨੂੰ ਲਿਖਤੀ ਰੂਪ ਵਿੱਚ ਸਟੇਜ ਤੇ ਭੇਜਿਆ ਗਿਆ, ਜਿਹਨਾਂ ਦੇ ਮਾਹਿਰਾਂ ਵੱਲੋਂ ਸੰਤੁਸ਼ਟੀ ਜਨਕ ਉੱਤਰ ਦਿੱਤੇ ਗਏ। ਇਸ ਤੋਂ ਇਲਾਵਾ ਨਸਲੀ ਭੇਦ ਭਾਵ ਬਾਰੇ ਜਾਗਰੂਕ ਕਰਦਾ ਇੱਕ ਨਾਟਕ ਪੇਸ਼ ਕੀਤਾ ਗਿਆ ਜਿਸ ਨੂੰ ਦਰਸ਼ਕਾਂ ਨੇ ਬਹੁਤ ਸਲਾਹਿਆ ।
ਗੁਰਦੀਸ਼ ਕੌਰ ਗਰੇਵਾਲ, ਬਲਵੀਰ ਕੌਰ ਗਰੇਵਾਲ ਅਤੇ ਸੂਬੇਦਾਰ ਮਸਕੀਨ ਸਿੰਘ ਜੀ ਨੇ ਆਪਣੀ ਪੇਸ਼ਕਾਰੀ ਰਾਹੀਂ ਸਰੋਤਿਆਂ ਦਾ ਮਨ ਮੋਹ ਲਿਆ। ਹਰ ਸਾਲ ਦੀ ਤਰ੍ਹਾਂ, ਸਭਾ ਦੇ ਦੋ ਸੀਨੀਅਰ ਮੈਂਬਰਾਂ- ਗੁਰਤੇਜ ਕੌਰ ਸਿੱਧੂ ਅਤੇ ਇਕਬਾਲ ਕੌਰ ਭੁੱਲਰ ਨੂੰ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ। ਸਭਾ ਦੇ ਵਲੰਟੀਅਰਜ ਨੂੰ ਇਰਫਾਨ ਸਬੀਰ ਜੀ ਦੁਆਰਾ, ਲਿਆਂਦੇ ਹੋਏ ਸਨਮਾਨ ਪੱਤਰ ਦੇ ਕੇ, ਹੌਸਲਾ ਅਫਜ਼ਾਈ ਕੀਤੀ ਗਈ ਜਿਨ੍ਹਾਂ ਵਿੱਚ ਫੂਡ ਕਮੇਟੀ ਤੋਂ ਇਲਾਵਾ- ਖ਼ਜ਼ਾਨਚੀ , ਉਪ ਖਜਾਨਚੀ ਅਤੇ ਸਕੱਤਰ ਸ਼ਾਮਿਲ ਸਨ।
ਅੰਤ ਵਿੱਚ ‘ਕੈਲਗਰੀ ਯੰਗ ਵੂਮੇਨ ਗਰੁੱਪ ‘ ਵੱਲੋਂ ਸ਼ਾਨਦਾਰ ਪੇਸ਼ਕਾਰੀ ਵੇਖ ਸਾਰਾ ਹਾਲ ਅਸ਼ ਐਸ਼ ਕਰ ਉੱਠਿਆ। ਮੀਡੀਆ ਵੱਲੋਂ, ਬੀ ਟੀ ਵੀ, ਰੈੱਡ ਐਫ ਐਮ, ਪੰਜਾਬੀ ਅਖਬਾਰ, ਪਰਾਈਮ ਏਸ਼ੀਆ ਜੱਲੋਵਾਲੀਆ ਟਾਈਮਜ਼ ਅਤੇ ਸ਼ਿਵਾਲਿਕ ਟੀ ਵੀ ਚੈਨਲ ਦੇ ਨੁਮਾਇੰਦਿਆਂ ਨੇ ਸਾਰੇ ਪ੍ਰੋਗਰਾਮ ਦੀ ਕਵਰੇਜ ਕੀਤੀ।
ਮਹਿਮਾਨਾਂ ਦੀ ਆਓ ਭਗਤ ਲਈ ਚਾਹ ਪਾਣੀ ਦਾ ਪ੍ਰਬੰਧ ਸ਼ੁਰੂ ਤੋਂ ਅੰਤ ਤੱਕ ਨਿਰੰਤਰ ਚਲਦਾ ਰਿਹਾ। ਮੰਚ ਸੰਚਾਲਨ ਦੀ ਸੇਵਾ ਪ੍ਰਿੰਸੀਪਲ ਚਰਨਦੀਪ ਕੌਰ ਅਤੇ ਮੈਡਮ ਥਿੰਦ ਨੇ ਰਲ਼ ਕੇ ਨਿਭਾਈ ਅਤੇ ਆਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ‘ਲੋਕ ਕੀ ਕਹਿਣਗੇ?’ ਹੁਣ ਕੈਲਗਰੀ ਦੇ ਲੋਕਾਂ ਲਈ ਖਿੱਚ ਦਾ ਕਾਰਨ ਬਣ ਗਿਆ ਹੈ ਜਿਸਨੂੰ ਹਾਲ ਵਿੱਚ ਭਰਪੂਰ ਹਾਜ਼ਰੀ ਨੇ ਬਾਖ਼ੂਬੀ ਝਲਕਾਇਆ।



