ਦੱਖਣੀ ਸਪੇਨ ਵਿੱਚ ਭਿਆਨਕ ਰੇਲ ਹਾਦਸਾ: ਦੋ ਹਾਈ-ਸਪੀਡ ਟ੍ਰੇਨਾਂ ਦੀ ਟੱਕਰ ‘ ਚ 39 ਮੌਤਾਂ, 100 ਤੋਂ ਵੱਧ ਜ਼ਖ਼ਮੀ

ਨਿਊਜ਼ ਪੰਜਾਬ

19 ਜਨਵਰੀ 2026

ਦੱਖਣੀ ਸਪੇਨ ਵਿੱਚ ਐਤਵਾਰ ਨੂੰ ਇੱਕ ਦਿਲ ਦਹਲਾ ਦੇਣ ਵਾਲਾ ਰੇਲ ਹਾਦਸਾ ਵਾਪਰਿਆ। Córdoba ਸ਼ਹਿਰ ਦੇ ਨੇੜੇ ਅਦਮੁਜ਼ ਖੇਤਰ ਵਿੱਚ ਦੋ ਤੇਜ਼ ਰਫ਼ਤਾਰ ਰੇਲਗੱਡੀਆਂ ਦੀ ਟੱਕਰ ਕਾਰਨ ਘੱਟੋ-ਘੱਟ 39 ਲੋਕਾਂ ਦੀ ਮੌਤ ਹੋ ਗਈ, ਜਦਕਿ 100 ਤੋਂ ਵੱਧ ਯਾਤਰੀ ਜ਼ਖ਼ਮੀ ਹੋ ਗਏ ਹਨ। ਬਚਾਅ ਕਾਰਜ ਲਗਾਤਾਰ ਜਾਰੀ ਹਨ ਅਤੇ ਅਧਿਕਾਰੀਆਂ ਨੂੰ ਮੌਤਾਂ ਦੀ ਗਿਣਤੀ ਵੱਧਣ ਦਾ ਖਦਸ਼ਾ ਹੈ।

ਸਪੇਨ ਦੇ ਟਰਾਂਸਪੋਰਟ ਮੰਤਰੀ Óscar Puente ਨੇ ਦੱਸਿਆ ਕਿ 100 ਤੋਂ ਵੱਧ ਜ਼ਖ਼ਮੀਆਂ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਮਾਲਾਗਾ ਤੋਂ ਮੈਡ੍ਰਿਡ ਜਾ ਰਹੀ ਇੱਕ ਤੇਜ਼ ਰਫ਼ਤਾਰ ਰੇਲਗੱਡੀ ਪਟੜੀ ਤੋਂ ਉਤਰ ਕੇ ਦੂਜੇ ਟਰੈਕ ‘ਤੇ ਚੜ੍ਹ ਗਈ ਅਤੇ ਉਸੇ ਸਮੇਂ ਮੈਡ੍ਰਿਡ ਤੋਂ ਹੁਏਲਵਾ ਜਾ ਰਹੀ ਦੂਜੀ ਰੇਲ ਨਾਲ ਜ਼ੋਰਦਾਰ ਟੱਕਰ ਹੋ ਗਈ।

ਰੇਲ ਨੈੱਟਵਰਕ ਆਪਰੇਟਰ ਅਨੁਸਾਰ, ਹਾਦਸਾ ਮਾਲਾਗਾ ਤੋਂ ਰਵਾਨਗੀ ਤੋਂ ਲਗਭਗ 10 ਮਿੰਟ ਬਾਅਦ ਹੋਇਆ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਸਿੱਧੇ ਟਰੈਕ ‘ਤੇ ਰੇਲ ਪਟੜੀ ਤੋਂ ਉਤਰੀ, ਉਸਦੀ ਮੁਰੰਮਤ ਪਿਛਲੇ ਮਈ ਮਹੀਨੇ ਹੀ ਕੀਤੀ ਗਈ ਸੀ। ਮੰਤਰੀ ਨੇ ਇਸ ਘਟਨਾ ਨੂੰ “ਬਹੁਤ ਹੀ ਅਸਾਧਾਰਨ” ਕਰਾਰ ਦਿੱਤਾ ਹੈ।

ਹਾਦਸੇ ਦੇ ਅਸਲ ਕਾਰਨਾਂ ਬਾਰੇ ਹਾਲੇ ਕੋਈ ਸਰਕਾਰੀ ਪੁਸ਼ਟੀ ਨਹੀਂ ਹੋਈ। ਅਧਿਕਾਰੀਆਂ ਮੁਤਾਬਕ ਜਾਂਚ ਪੂਰੀ ਹੋਣ ਵਿੱਚ ਘੱਟੋ-ਘੱਟ ਇੱਕ ਮਹੀਨਾ ਲੱਗ ਸਕਦਾ ਹੈ। ਇਸ ਦਰਮਿਆਨ ਸਪੇਨ ਦੇ ਪ੍ਰਧਾਨ ਮੰਤਰੀ Pedro Sánchez ਨੇ ਕਿਹਾ ਕਿ ਦੇਸ਼ ਇਸ ਵੱਡੀ ਤ੍ਰਾਸਦੀ ਕਾਰਨ ਡੂੰਘੇ ਦੁੱਖ ਵਿੱਚ ਹੈ।ਮਾਲਾਗਾ ਤੋਂ ਮੈਡ੍ਰਿਡ ਜਾਣ ਵਾਲੀ ਰੇਲਗੱਡੀ ਨਿੱਜੀ ਕੰਪਨੀ Iryo ਵੱਲੋਂ ਚਲਾਈ ਜਾ ਰਹੀ ਸੀ, ਜਿਸ ਵਿੱਚ ਕਰੀਬ 300 ਯਾਤਰੀ ਸਵਾਰ ਸਨ। ਦੂਜੀ ਰੇਲਗੱਡੀ ਸਰਕਾਰੀ ਰੇਲ ਕੰਪਨੀ Renfe ਦੀ ਸੀ, ਜਿਸ ਵਿੱਚ ਲਗਭਗ 100 ਯਾਤਰੀ ਮੌਜੂਦ ਸਨ।

ਹਾਦਸੇ ਵਾਲੀ ਥਾਂ ‘ਤੇ ਰੇਲਗੱਡੀਆਂ ਦੇ ਡੱਬੇ ਬੁਰੀ ਤਰ੍ਹਾਂ ਕੁਚਲੇ ਹੋਏ ਸਨ, ਜਿਸ ਕਾਰਨ ਬਚਾਅ ਅਤੇ ਰਾਹਤ ਕੰਮਾਂ ਵਿੱਚ ਕਾਫ਼ੀ ਮੁਸ਼ਕਲ ਆਈ। ਕੋਰਡੋਬਾ ਦੇ ਫਾਇਰ ਚੀਫ਼ ਫਰਾਂਸਿਸਕੋ ਕਾਰਮੋਨਾ ਨੇ ਦੱਸਿਆ ਕਿ ਕਈ ਵਾਰ ਜ਼ਖ਼ਮੀਆਂ ਤੱਕ ਪਹੁੰਚਣ ਲਈ ਲਾਸ਼ਾਂ ਨੂੰ ਹਟਾਉਣਾ ਪਿਆ।

ਹਾਦਸੇ ਤੋਂ ਬਾਅਦ ਮੈਡ੍ਰਿਡ ਅਤੇ ਅੰਡੇਲੂਸੀਆ ਦਰਮਿਆਨ ਸਾਰੀਆਂ ਰੇਲ ਸੇਵਾਵਾਂ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤੀਆਂ ਗਈਆਂ ਹਨ। Red Cross ਵੱਲੋਂ ਪ੍ਰਭਾਵਿਤ ਪਰਿਵਾਰਾਂ ਲਈ ਐਮਰਜੈਂਸੀ ਰਾਹਤ ਅਤੇ ਸਲਾਹ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜਦਕਿ ਸਰਕਾਰ ਨੇ ਪ੍ਰਮੁੱਖ ਸਟੇਸ਼ਨਾਂ ‘ਤੇ ਸਹਾਇਤਾ ਕੇਂਦਰ ਸਥਾਪਤ ਕੀਤੇ ਹਨ।