ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ : ਜੂਨ  ਦੀਆਂ ਸ਼ਹਾਦਤਾਂ ਅਤੇ ਪਿਤਾ ਦਿਵਸ ਨੂੰ ਸਮਰਪਿਤ – ਭਰਵੀਂ ਹਾਜ਼ਰੀ ਲਈ ਧੰਨਵਾਦ ਕੀਤਾ 

ਇਹ ਮੀਟਿੰਗ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਸੀ ਇਸ ਤੋਂ ਇਲਾਵਾ ਫਾਦਰਜ਼ ਡੇਅ ਅਤੇ ਜੂਨ 1984 ਦੇ ਲਹੂ ਭਿੱਜੇ ਇਤਿਹਾਸ ਦੀ ਚਰਚਾ ਵੀ ਹੋਈ

ਰਿਪੋਰਟ : ਗੁਰਦੀਸ਼ ਕੌਰ ਗਰੇਵਾਲ / ਗੁਰਨਾਮ ਕੌਰ ਸਕੱਤਰ

ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ 21 ਜੂਨ ਦਿਨ ਐਤਵਾਰ ਨੂੰ ਜੈਨੇਸਸ ਸੈਂਟਰ ਵਿਖੇ ਭਰਵੀਂ ਹਾਜ਼ਰੀ ਵਿੱਚ ਬਹੁਤ ਹੀ ਉਤਸ਼ਾਹ ਅਤੇ ਜੋਸ਼ ਨਾਲ ਹੋਈ।ਮੀਟਿੰਗ ਦਾ ਆਗਾਜ਼ ਸਭਾ ਦੇ ਸਕੱਤਰ ਗੁਰਨਾਮ ਕੌਰ ਨੇ ਭੈਣਾਂ ਦਾ ਸਵਾਗਤ ਕਰਦਿਆਂ ਕੀਤਾ।

ਇਹ ਮੀਟਿੰਗ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਸੀ ਇਸ ਤੋਂ ਇਲਾਵਾ ਫਾਦਰਜ਼ ਡੇਅ ਅਤੇ ਜੂਨ 1984 ਦੇ ਲਹੂ ਭਿੱਜੇ ਇਤਿਹਾਸ ਦੀ ਚਰਚਾ ਵੀ ਹੋਈ।

ਸਭਾ ਦੇ ਕੋਆਰਡੀਨੇਟਰ ਸ੍ਰੀ ਮਤੀ ਗੁਰਚਰਨ ਕੌਰ ਥਿੰਦ ਜੀ ਨੇ ਚਾਰ ਜੂਨ 1984 ਦੀ ਆਪ ਬੀਤੀ ਘਟਨਾ ਸੁਣਾਈ। ਜ਼ਿੰਦਗੀ ਵਿੱਚ ਪਿਤਾ ਵਲੋਂ ਸੁਚਾਰੂ ਸੇਧ ਦੇਣ ਦੀ ਗੱਲ ਕੀਤੀ। ਟੈਕਨਾਲੋਜੀ ਦੇ ਜ਼ਮਾਨੇ ਵਿੱਚ ਭੈਣਾਂ ਨੂੰ ਕੰਪਿਊਟਰ ਸਿੱਖਣ ਲਈ ਉਤਸ਼ਾਹਿਤ ਕੀਤਾ, ਅਤੇ ਚਾਹਵਾਨ ਭੈਣਾਂ ਦੇ ਨਾਂ ਵੀ ਲਿਖੇ। ਉਨ੍ਹਾਂ ਨੇ 19 ਜੁਲਾਈ ਨੂੰ ਸਭਾ ਦੇ ਟਰਿੱਪ ਦੀ ਸੂਚਨਾ ਵੀ ਦਿੱਤੀ।

ਸਭਾ ਵਿਚ ਨਵੀਆਂ ਆਈਆਂ ਭੈਣਾਂ, ਕੁਲਦੀਪ ਕੌਰ, ਸਿਮਰ ਕੌਰ, ਗੁਰਜੀਤ ਕੌਰ, ਸ਼ਲਿੰਦਰ ਕੌਰ ਸ਼ੈਲੀ ਅਤੇ ਮੌਨਿਕਾ ਜੀ ਨੇ ਆਪਣੀ ਜਾਣ ਪਹਿਚਾਣ ਕਰਵਾਈ ਅਤੇ ਸਾਰੀਆਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਗੁਰਜੀਤ ਕੌਰ ਬੈਦਵਾਣ, ਜਸਮਿੰਦਰ ਕੌਰ ਬਰਾੜ, ਬਲਬੀਰ ਹਜੂਰੀਆਂ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਕਵਿਤਾਵਾਂ ਸੁਣਾਈਆਂ। ਅਮਰਜੀਤ ਕੌਰ ਗਰੇਵਾਲ ਅਤੇ ਭਗਵੰਤ ਕੌਰ ਜੀ ਨੇ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਨੂੰ ਸਮਰਪਿਤ ਕਵੀਸ਼ਰੀ ਪੂਰੇ ਜੋਸ਼ ਨਾਲ ਗਾਈ।

ਭੈਣ ਨਛੱਤਰ ਕੌਰ ਨੇ ਹੱਡੀਂ ਹੰਢਾਏ 84 ਦੇ ਦਹਾਕੇ ਦਾ ਰੋ ਰੋ ਕੇ ਹਾਲ ਸੁਣਾਇਆ। ਕਿਵੇਂ ਉਸ ਦੇ ਪਤੀ ਨੂੰ ਅਣਮਨੁੱਖੀ ਤਸ਼ੱਦਦ ਦਿੱਤੇ। ਸਿਰ ਵਿੱਚ ਗਰਮ ਗਰਮ ਪਾਣੀ ਪਾਇਆ। ਪ੍ਰੈਗਨੈਂਸੀ ਦੀ ਹਾਲਤ ਵਿੱਚ ਉਸ ਤੇ ਵੀ ਜ਼ੁਲਮ ਹੋਇਆ।ਸਭ ਤੋਂ ਨੇੜਲੇ ਰਿਸ਼ਤੇਦਾਰ ਵੀ ਸਾਥ ਛੱਡ ਗਏ।

ਰਾਜਿੰਦਰ ਕੌਰ ਚੋਹਕਾ ਜੀ ਨੇ ਫਾਦਰ ਡੇਅ ਦਾ ਇਤਿਹਾਸ ਦੱਸਿਆ ਅਤੇ ਪਿਤਾ ਨੂੰ ਸਮਰਪਿਤ ਇਕ ਕਵਿਤਾ ਵੀ ਸੁਣਾਈ। ਗੁਰਦੀਸ਼ ਕੌਰ ਗਰੇਵਾਲ ਜੀ ਨੇ ਪਿਤਾ ਦੀ ਯਾਦ ਨੂੰ ਸਮਰਪਿਤ ਆਪਣੀ ਲਿਖੀ ਕਵਿਤਾ ਤਰੰਨਮ ਨਾਲ ਸੁਣਾਈ। ਸਰਬਜੀਤ ਕੌਰ ਉੱਪਲ, ਸੁਰਿੰਦਰ ਕੌਰ ਸੰਧੂ, ਸੁਖਵਿੰਦਰ ਕੌਰ ਬਾਠ, ਬਲਵਿੰਦਰ ਕੌਰ ਜੱਸਲ, ਅਮਰਜੀਤ ਕੌਰ ਵਿਰਦੀ ਅਤੇ ਚਰਨਜੀਤ ਕੌਰ, ਸਾਰੀਆਂ ਭੈਣਾਂ ਨੇ ਪਿਤਾ ਦੀ ਯਾਦ ਵਿੱਚ ਕਵਿਤਾਵਾਂ ਸੁਣਾਈਆਂ। ਜੁਗਿੰਦਰ ਪੁਰਬਾ ਮਾਂ ਦੀ ਗੱਲ ਕਰਦਿਆਂ ਭਾਵਕ ਹੋ ਗਏ। ਹਰਬੰਸ ਕੌਰ ਪੇਲੀਆ ਨੇ ਟੱਪੇ ਅਤੇ ਕੁਲਵੰਤ ਕੌਰ ਗਿੱਲ ਅਤੇ ਹਰਜੀਤ ਕੌਰ ਜੌਹਲ ਨੇ ਲੋਕ ਗੀਤ ਗਾਏ ਕੁਲਦੀਪ ਕੌਰ ਘਟੌੜਾ ਨੇ ਆਪਣੀ ਲਿਖੀ ਰਚਨਾ ਵਿੱਚੋਂ ਸਵਾਲ ਪੁਛਿਆ ਅਤੇ ਜਵਾਬ ਦੇਣ ਵਾਲੀ ਚਰਨਜੀਤ ਕੌਰ ਨੂੰ ਗਿਫ਼ਟ ਵੀ ਦਿੱਤਾ।

ਅਖੀਰ ਵਿੱਚ ਡਾ. ਅਮਨਦੀਪ ਕੌਰ ਵੀ ਭੈਣਾਂ ਲਈ ਮਿਠਾਈ ਲੈ ਕੇ ਉਚੇਚੇ ਤੌਰ ਤੇ ਹਾਜ਼ਰ ਹੋਏ। ਤਰਨਜੀਤ ਕੌਰ ਪਰਮਾਰ, ਬਲਜੀਤ ਕੌਰ ਜਠੌਲ ਅਤੇ ਸੁਰਿੰਦਰ ਕੌਰ ਚੀਮਾ ਜੀ ਨੇ ਰਲ਼ ਕੇ ਕੜ੍ਹੀ ਚੌਲਾਂ ਦਾ ਲੰਗਰ ਛਕਾਇਆ। ਨਵੀਂ ਆਈ ਨੌਜਵਾਨ ਮੈਂਬਰ ਮੌਨਿਕਾ ਨੇ ਪਕੌੜੇ ਅਤੇ ਫਰੂਟ ਚਾਟ ਦੀ ਸੇਵਾ ਨਿਭਾਈ।

ਅੰਤ ਤੇ ਉਪ ਪ੍ਰਧਾਨ ਗੁਰਦੀਸ਼ ਕੌਰ ਗਰੇਵਾਲ ਨੇ ਸਭ ਦਾ ਧੰਨਵਾਦ ਕੀਤਾ।

ਮਨਿੰਦਰ ਕੌਰ ਚਾਨੇ ਨੇ ਫੋਟੋਆਂ ਖਿੱਚਣ ਅਤੇ ਵੀਡੀਓ ਬਣਾਉਣ ਦੀ ਡਿਊਟੀ ਨਿਭਾਈ।

ਸੁਖਬੀਰ ਸਿੰਘ ਗਰੇਵਾਲ ਨੇ 12 ਜੁਲਾਈ ਨੂੰ ਯੰਗਸਤਾਨ ਨਾਲ ਖੇਡਾਂ ਵਿੱਚ ਭਾਗ ਲੈਣ ਲਈ, ਸੀਨੀਅਰ ਭੈਣਾਂ ਨੂੰ ਸੱਦਾ ਦਿੱਤਾ।

ਸ਼ਿਵਾਲਿਕ ਚੈਨਲ ਵੱਲੋਂ ਪਰਮਜੀਤ ਸਿੰਘ ਭੰਗੂ ਜੀ ਨੇ ਪੂਰੀ ਮੀਟਿੰਗ ਦੀ ਕਵਰੇਜ ਬਾਖੂਬੀ ਕੀਤੀ।