ਨਿਊਜ਼ੀਲੈਂਡ ਨੇ ਭਾਰਤ ‘ਚ ਪਹਿਲੀ ਵਾਰ ਵਨ-ਡੇ ਸੀਰੀਜ਼ ਜਿੱਤੀ, ਕੋਹਲੀ ਦਾ ਸੈਂਕੜਾ ਵੀ ਨਾਕਾਫ਼ੀ

ਨਿਊਜ਼ ਪੰਜਾਬ

19 ਜਨਵਰੀ 2026

ਇੰਦੌਰ ਦੇ ਹੋਲਕਰ ਸਟੇਡੀਅਮ ‘ਚ ਖੇਡੇ ਗਏ ਤੀਜੇ ਵਨਡੇ ‘ਚ ਨਿਊਜ਼ੀਲੈਂਡ ਨੇ ਭਾਰਤ ਨੂੰ 41 ਦੌੜਾਂ ਨਾਲ ਹਰਾਕੇ ਇਤਿਹਾਸ ਰਚ ਦਿੱਤਾ। ਇਸ ਜਿੱਤ ਨਾਲ ਨਿਊਜ਼ੀਲੈਂਡ ਕ੍ਰਿਕਟ ਟੀਮ ਨੇ ਭਾਰਤ ਦੀ ਧਰਤੀ ‘ਤੇ ਪਹਿਲੀ ਵਾਰ ਵਨਡੇ ਸੀਰੀਜ਼ ਆਪਣੇ ਨਾਂ ਕੀਤੀ। ਇਹ ਹਾਰ ਭਾਰਤ ਦੀ ਇਸ ਮੈਦਾਨ ‘ਤੇ ਪਹਿਲੀ ਵਨਡੇ ਹਾਰ ਵੀ ਰਹੀ।

ਐਤਵਾਰ ਦਾ ਦਿਨ ਰਿਕਾਰਡਾਂ ਲਈ ਵਿਰਾਟ ਕੋਹਲੀ ਦੇ ਨਾਂ ਰਿਹਾ। ਉਹ ਵਨਡੇ ‘ਚ ਨੰਬਰ-3 ‘ਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ ਅਤੇ ਨਿਊਜ਼ੀਲੈਂਡ ਖ਼ਿਲਾਫ਼ ਸਭ ਤੋਂ ਜ਼ਿਆਦਾ ਸੈਂਕੜਿਆਂ ਦਾ ਰਿਕਾਰਡ ਵੀ ਕਾਇਮ ਕੀਤਾ, ਪਰ ਉਨ੍ਹਾਂ ਦੀ ਸ਼ਾਨਦਾਰ ਪਾਰੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੀ। 338 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ 46 ਓਵਰਾਂ ‘ਚ 296 ਦੌੜਾਂ ‘ਤੇ ਆਲਆਊਟ ਹੋ ਗਿਆ।

ਇਸ ਤੋਂ ਪਹਿਲਾਂ ਟੌਸ ਹਾਰ ਕੇ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੇ 8 ਵਿਕਟਾਂ ‘ਤੇ 337 ਦੌੜਾਂ ਬਣਾਈਆਂ। ਡੇਰਿਲ ਮਿਚੇਲ ਨੇ 137 ਅਤੇ ਗਲੇਨ ਫਿਲਿਪਸ ਨੇ ਤੂਫਾਨੀ 106 ਦੌੜਾਂ ਦੀ ਪਾਰੀ ਖੇਡੀ। ਦੋਵਾਂ ਦੀ ਸਾਂਝੇਦਾਰੀ ਨੇ ਕੀਵੀ ਪਾਰੀ ਦੀ ਦਿਸ਼ਾ ਬਦਲ ਦਿੱਤੀ।

ਭਾਰਤ ਦੀ ਸ਼ੁਰੂਆਤ ਖਰਾਬ ਰਹੀ। ਕਪਤਾਨ ਰੋਹਿਤ ਸ਼ਰਮਾ 11 ਦੌੜਾਂ ਬਣਾ ਕੇ ਆਊਟ ਹੋਏ, ਜਦਕਿ ਸ਼ੁਭਮਨ ਗਿੱਲ 23 ਦੌੜਾਂ ਹੀ ਬਣਾ ਸਕੇ। ਸ਼੍ਰੇਅਸ ਅਈਅਰ ਅਤੇ ਕੇਐੱਲ ਰਾਹੁਲ ਵੀ ਨਾਕਾਮ ਰਹੇ, ਨਤੀਜੇ ਵਜੋਂ ਸਕੋਰ 71/4 ਹੋ ਗਿਆ। ਇੱਥੋਂ ਬਾਅਦ ਕੋਹਲੀ ਨੇ ਨਿਤੀਸ਼ ਕੁਮਾਰ ਰੈਡੀ ਨਾਲ ਮਿਲ ਕੇ ਪਾਰੀ ਸੰਭਾਲੀ ਅਤੇ ਦੌੜਾਂ ਦੀ ਰਫ਼ਤਾਰ ਬਣਾਈ ਰੱਖੀ। ਸੈਂਕੜਾ ਪੂਰਾ ਹੋਣ ‘ਤੇ ਸਟੇਡੀਅਮ ਤਾੜੀਆਂ ਨਾਲ ਗੂੰਜ ਉਠਿਆ।

ਕੋਹਲੀ ਨੇ ਦਬਾਅ ‘ਚ 108 ਗੇਂਦਾਂ ‘ਤੇ 124 ਦੌੜਾਂ ਦੀ ਬੇਹਤਰੀਨ ਪਾਰੀ ਖੇਡੀ। ਜਦੋਂ ਇਕ ਤੋਂ ਬਾਅਦ ਇਕ ਵਿਕਟ ਡਿੱਗਦੀਆਂ ਰਹੀਆਂ, ਉਹ ਕ੍ਰੀਜ਼ ‘ਤੇ ਡਟੇ ਰਹੇ। ਪਰ 292 ਦੇ ਸਕੋਰ ‘ਤੇ ਉਨ੍ਹਾਂ ਦੇ ਆਊਟ ਹੋਣ ਨਾਲ ਭਾਰਤ ਦੀ ਆਖ਼ਰੀ ਉਮੀਦ ਵੀ ਟੁੱਟ ਗਈ ਅਤੇ 46 ਓਵਰਾਂ ‘ਚ ਪਾਰੀ ਸਿਮਟ ਗਈ।ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਸ਼ੁਰੂ ‘ਚ ਨਿਊਜ਼ੀਲੈਂਡ ਨੂੰ ਝਟਕੇ ਦਿੱਤੇ, ਪਰ ਮਿਚੇਲ–ਫਿਲਿਪਸ ਦੀ ਸ਼ਾਨਦਾਰ ਸਾਂਝੇਦਾਰੀ ਨੇ ਮਹਿਮਾਨ ਟੀਮ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਇਆ ਅਤੇ ਆਖ਼ਿਰਕਾਰ ਸੀਰੀਜ਼ ‘ਤੇ ਕਬਜ਼ਾ ਕਰਵਾ ਦਿੱਤਾ।