ਪੰਜਾਬ ‘ਚ ਬਿਜਲੀ ਸੰਕਟ ਵਿਚਕਾਰ ਵੱਡਾ ਪ੍ਰਸ਼ਾਸਨਿਕ ਫੇਰਬਦਲ, ਗੁਰਕੀਰਤ ਕਿਰਪਾਲ ਸਿੰਘ ਬਣੇ PSPCL ਦੇ ਨਵੇਂ CMD

ਨਿਊਜ਼ ਪੰਜਾਬ

14 ਸਤੰਬਰ,2026

ਪੰਜਾਬ ਵਿੱਚ ਬਿਜਲੀ ਸੰਕਟ ਅਤੇ ਲਗਾਤਾਰ ਲੱਗ ਰਹੇ ਬਿਜਲੀ ਕੱਟਾਂ ਦੇ ਵਿਚਕਾਰ ਸੂਬਾ ਸਰਕਾਰ ਨੇ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ 2001 ਬੈਚ ਦੇ IAS ਅਧਿਕਾਰੀ ਗੁਰਕੀਰਤ ਕਿਰਪਾਲ ਸਿੰਘ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦਾ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ (CMD) ਨਿਯੁਕਤ ਕੀਤਾ ਹੈ। ਉਹ ਬਸੰਤ ਗਰਗ ਦੀ ਥਾਂ ਇਹ ਜ਼ਿੰਮੇਵਾਰੀ ਸੰਭਾਲਣਗੇ। ਇਹ ਨਿਯੁਕਤੀ ਅਜਿਹੇ ਸਮੇਂ ਹੋਈ ਹੈ ਜਦੋਂ ਸੂਬੇ ਵਿੱਚ ਬਿਜਲੀ ਦੀ ਮੰਗ 16,000 ਮੈਗਾਵਾਟ ਤੋਂ ਪਾਰ ਪਹੁੰਚ ਚੁੱਕੀ ਹੈ ਅਤੇ ਬਿਜਲੀ ਦੀ ਕਮੀ ਕਾਰਨ ਕਈ ਇਲਾਕਿਆਂ ਵਿੱਚ ਕੱਟਾਂ ਦੀ ਸਮੱਸਿਆ ਬਣੀ ਹੋਈ ਹੈ।

ਇਸ ਦੌਰਾਨ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਭਰੋਸਾ ਦਿੱਤਾ ਹੈ ਕਿ 15 ਸਤੰਬਰ ਤੋਂ ਪੰਜਾਬ ਵਿੱਚ ਲੰਬੇ ਬਿਜਲੀ ਕੱਟਾਂ ਤੋਂ ਰਾਹਤ ਮਿਲਣ ਦੀ ਉਮੀਦ ਹੈ। ਸਰਕਾਰ ਵੱਲੋਂ ਨਿੱਜੀ ਪਾਵਰ ਪਲਾਂਟਾਂ ਦੀ ਮੁਰੰਮਤ ਦਾ ਕੰਮ ਵੀ ਕਰਵਾਇਆ ਗਿਆ ਹੈ ਅਤੇ ਇਸ ਲਈ ਕਰੀਬ 200 ਸਰਕਾਰੀ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਮੰਤਰੀ ਮੁਤਾਬਕ ਕਿਸਾਨਾਂ ਨੂੰ ਵੀ ਪਹਿਲਾਂ ਦੇ 8 ਘੰਟਿਆਂ ਦੇ ਮੁਕਾਬਲੇ ਹੁਣ 10 ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਹਾਲਾਂਕਿ, ਇਸ ਸਾਲ ਬਿਜਲੀ ਦੀ ਮੰਗ ਪਿਛਲੇ ਸਾਲ ਦੇ ਮੁਕਾਬਲੇ ਲਗਭਗ 3,500 ਮੈਗਾਵਾਟ ਵੱਧ ਰਹੀ ਹੈ, ਜਿਸ ਕਾਰਨ ਸਪਲਾਈ ਨੂੰ ਸੰਤੁਲਿਤ ਕਰਨਾ ਵੱਡੀ ਚੁਣੌਤੀ ਬਣਿਆ ਹੋਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਕੋਲੇ ਦੀ ਘਾਟ ਕਾਰਨ ਪੰਜਾਬ ਦਾ ਕੁੱਲ ਬਿਜਲੀ ਉਤਪਾਦਨ ਕਰੀਬ 5,743 ਮੈਗਾਵਾਟ ਤੱਕ ਸੀਮਿਤ ਰਿਹਾ। ਮੰਗ ਅਤੇ ਉਤਪਾਦਨ ਵਿਚਲੇ ਵੱਡੇ ਫਰਕ ਨੂੰ ਪੂਰਾ ਕਰਨ ਲਈ PSPCL ਨੂੰ ਕੇਂਦਰੀ ਪੂਲ ਤੋਂ ਬਿਜਲੀ ਲੈਣੀ ਪੈ ਰਹੀ ਹੈ। ਦੂਜੇ ਪਾਸੇ, ਅਣਐਲਾਨੇ ਬਿਜਲੀ ਕੱਟਾਂ ਤੋਂ ਪਰੇਸ਼ਾਨ ਲੁਧਿਆਣਾ ਦੇ ਰੰਗਾਈ ਉਦਯੋਗ ਨਾਲ ਜੁੜੇ ਉੱਦਮੀਆਂ ਨੇ ਚੰਡੀਗੜ੍ਹ ਰੋਡ ਸਥਿਤ ਵਰਧਮਾਨ ਚੌਕ ਵਿਖੇ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ। ਉੱਥੇ ਹੀ ਕਾਂਗਰਸ ਵੱਲੋਂ ਵੀ ਬਿਜਲੀ ਕੱਟਾਂ ਦੇ ਮੁੱਦੇ ਨੂੰ ਲੈ ਕੇ ਪਟਿਆਲਾ ਸਥਿਤ PSPCL ਹੈੱਡਕੁਆਰਟਰ ਦੇ ਬਾਹਰ ਪ੍ਰਦਰਸ਼ਨ ਕਰਨ ਦੀ ਗੱਲ ਆਖੀ ਗਈ ਹੈ।