ਭਾਜਪਾ ਨੂੰ ਵੱਡਾ ਝਟਕਾ, ਸਾਬਕਾ ਵਿਧਾਇਕ ਨਰਿੰਦਰ ਬਾਬੂ ਕਾਂਗਰਸ ’ਚ ਸ਼ਾਮਲ

ਨਿਊਜ਼ ਪੰਜਾਬ

14 ਸਤੰਬਰ,2026

ਕਰਨਾਟਕ ਵਿੱਚ ਭਾਜਪਾ ਨੂੰ ਵੱਡਾ ਸਿਆਸੀ ਝਟਕਾ ਲੱਗਾ ਹੈ। ਭਾਜਪਾ ਦੇ ਸਾਬਕਾ ਵਿਧਾਇਕ ਅਤੇ ਰਾਜ ਓਬੀਸੀ ਮੋਰਚਾ ਦੇ ਪ੍ਰਧਾਨ ਐਨਐਲ ਨਰਿੰਦਰ ਬਾਬੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਐਤਵਾਰ ਨੂੰ ਕਾਂਗਰਸ ਦਾ ਹੱਥ ਫੜ ਲਿਆ। ਭਾਰਤ ਜੋੜੋ ਕਨਵੈਨਸ਼ਨ ਦੌਰਾਨ ਹੋਏ ਸਮਾਗਮ ਵਿੱਚ ਕੇਪੀਸੀਸੀ ਪ੍ਰਧਾਨ ਬੀਕੇ ਹਰੀਪ੍ਰਸਾਦ ਨੇ ਉਨ੍ਹਾਂ ਨੂੰ ਕਾਂਗਰਸ ਦਾ ਸਕਾਰਫ਼ ਪਾ ਕੇ ਪਾਰਟੀ ਵਿੱਚ ਸਵਾਗਤ ਕੀਤਾ। ਇਸ ਮੌਕੇ ਕਈ ਸੀਨੀਅਰ ਕਾਂਗਰਸੀ ਆਗੂ ਵੀ ਮੌਜੂਦ ਰਹੇ। ਨਰਿੰਦਰ ਬਾਬੂ ਨੇ ਭਾਜਪਾ ਲੀਡਰਸ਼ਿਪ ’ਤੇ ਉਨ੍ਹਾਂ ਆਗੂਆਂ ਅਤੇ ਵਰਕਰਾਂ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਲਗਾਏ, ਜਿਨ੍ਹਾਂ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਲੰਬੇ ਸਮੇਂ ਤੱਕ ਮਿਹਨਤ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਸਿਆਸੀ ਕਰੀਅਰ ਦੇ 10 ਸਾਲ ਭਾਜਪਾ ਨੂੰ ਦਿੱਤੇ, ਪਰ ਉਨ੍ਹਾਂ ਨੂੰ ਬਣਦਾ ਸਤਿਕਾਰ ਅਤੇ ਜ਼ਿੰਮੇਵਾਰੀ ਨਹੀਂ ਮਿਲੀ। ਨਰਿੰਦਰ ਬਾਬੂ ਨੂੰ ਤਿਗਲਾ ਭਾਈਚਾਰੇ ਦੇ ਇੱਕ ਪ੍ਰਮੁੱਖ ਆਗੂ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨੂੰ ਕਰਨਾਟਕ ਦੀ ਸਿਆਸਤ ਵਿੱਚ ਅਹਿਮ ਘਟਨਾਕ੍ਰਮ ਮੰਨਿਆ ਜਾ ਰਿਹਾ ਹੈ।