ਤਰਨਤਾਰਨ ‘ਚ ਭ੍ਰਿਸ਼ਟਾਚਾਰ ਦਾ ਵੱਡਾ ਮਾਮਲਾ, 2 SHO ਸਣੇ 4 ਖਿਲਾਫ ਕੇਸ ਦਰਜ; ਇੱਕ ਗ੍ਰਿਫ਼ਤਾਰ, 3 ਫ਼ਰਾਰ

ਨਿਊਜ਼ ਪੰਜਾਬ

14 ਸਤੰਬਰ,2026

ਤਰਨਤਾਰਨ ਵਿੱਚ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰਨ ਵਾਲਾ ਭ੍ਰਿਸ਼ਟਾਚਾਰ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। NDPS ਮਾਮਲਿਆਂ ਵਿੱਚ ਮੁਲਜ਼ਮਾਂ ਨੂੰ ਕਥਿਤ ਤੌਰ ‘ਤੇ ਨਾਜਾਇਜ਼ ਲਾਭ ਪਹੁੰਚਾਉਣ ਦੇ ਬਦਲੇ ਰਿਸ਼ਵਤ ਲੈਣ ਦੇ ਦੋਸ਼ ਹੇਠ 2 SHO ਅਤੇ 2 ਵਿਚੋਲਿਆਂ ਸਮੇਤ ਕੁੱਲ 4 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਵਿੱਚ ਕੱਚਾ ਪੱਕਾ ਥਾਣੇ ਦੇ SHO ਕਿਰਪਾਲ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਵਲਟੋਹਾ ਥਾਣੇ ਦੇ SHO ਬਲਜਿੰਦਰ ਸਿੰਘ ਸਮੇਤ 3 ਮੁਲਜ਼ਮ ਫ਼ਰਾਰ ਦੱਸੇ ਜਾ ਰਹੇ ਹਨ। ਦੋਸ਼ਾਂ ਮੁਤਾਬਕ ਦੋਵੇਂ SHO ਨੇ ਵਿਚੋਲਿਆਂ ਰਾਹੀਂ ਕੁੱਲ 7 ਲੱਖ ਰੁਪਏ ਦੀ ਰਿਸ਼ਵਤ ਲਈ ਸੀ। ਵਲਟੋਹਾ ਥਾਣੇ ਦੇ SHO ਬਲਜਿੰਦਰ ਸਿੰਘ ‘ਤੇ ਰੌਬਿਨ ਸਿੰਘ ਰਾਹੀਂ 3 ਲੱਖ ਰੁਪਏ ਅਤੇ ਕੱਚਾ ਪੱਕਾ ਥਾਣੇ ਦੇ SHO ਕਿਰਪਾਲ ਸਿੰਘ ‘ਤੇ ਪੂਰਨ ਸਿੰਘ ਰਾਹੀਂ 4 ਲੱਖ ਰੁਪਏ ਲੈਣ ਦੇ ਦੋਸ਼ ਲੱਗੇ ਹਨ। ਖਾਸ ਗੱਲ ਇਹ ਹੈ ਕਿ ਕਿਰਪਾਲ ਸਿੰਘ ਨੇ ਕੁਝ ਦਿਨ ਪਹਿਲਾਂ ਹੀ ਕੱਚਾ ਪੱਕਾ ਥਾਣੇ ਦੇ SHO ਵਜੋਂ ਅਹੁਦਾ ਸੰਭਾਲਿਆ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਵੀ ਹੜਕੰਪ ਮਚਿਆ ਹੋਇਆ ਹੈ ਅਤੇ ਫ਼ਰਾਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।