ਬਰੇਟਾ ’ਚ ਸਕੂਲ ਵੈਨ ਤੇ PRTC ਬੱਸ ਦੀ ਜ਼ਬਰਦਸਤ ਟੱਕਰ, ਕਈ ਬੱਚੇ ਜ਼ਖ਼ਮੀ ਡਰਾਈਵਰ ਦੀਆਂ ਦੋਵੇਂ ਲੱਤਾਂ ’ਚ ਫਰੈਕਚਰ

ਨਿਊਜ਼ ਪੰਜਾਬ

14 ਸਤੰਬਰ,2026

ਮਾਨਸਾ ਜ਼ਿਲ੍ਹੇ ਦੇ ਬਰੇਟਾ ਵਿੱਚ ਸਵੇਰੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ, ਜਦੋਂ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਇੱਕ ਵੈਨ ਦੀ PRTC ਬੱਸ ਨਾਲ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕੂਲ ਵੈਨ ਵਿੱਚ ਸਵਾਰ ਕਈ ਬੱਚੇ ਜ਼ਖ਼ਮੀ ਹੋ ਗਏ, ਜਦਕਿ ਵੈਨ ਡਰਾਈਵਰ ਦੀਆਂ ਦੋਵੇਂ ਲੱਤਾਂ ਵਿੱਚ ਫਰੈਕਚਰ ਹੋ ਗਿਆ। ਹਾਦਸੇ ਤੋਂ ਬਾਅਦ ਸਕੂਲੀ ਬੱਚਿਆਂ ਵਿੱਚ ਚੀਕ-ਚਿਹਾੜਾ ਮੱਚ ਗਿਆ ਅਤੇ ਮੌਕੇ ’ਤੇ ਮੌਜੂਦ ਰਾਹਗੀਰਾਂ ਨੇ ਤੁਰੰਤ ਮਦਦ ਕਰਦਿਆਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ।

ਜਾਣਕਾਰੀ ਮੁਤਾਬਕ ਇੱਕ ਸਕੂਲੀ ਬੱਚੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਦਕਿ ਹੋਰ ਜ਼ਖ਼ਮੀ ਬੱਚਿਆਂ ਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸਕੂਲ ਵੈਨ ਕਿਸ਼ਨਗੜ੍ਹ ਦੇ ਹੋਲੀ ਹਾਰਟ ਪਬਲਿਕ ਸਕੂਲ ਨਾਲ ਸਬੰਧਤ ਹੈ। ਮੁੱਢਲੀ ਜਾਣਕਾਰੀ ਅਨੁਸਾਰ PRTC ਬੱਸ ਦੇ ਅਚਾਨਕ ਬ੍ਰੇਕ ਲਗਾਉਣ ਕਾਰਨ ਪਿੱਛੇ ਆ ਰਹੀ ਸਕੂਲ ਵੈਨ ਬੱਸ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਬਰੇਟਾ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।