ਨਿਊਜ਼ ਪੰਜਾਬ
ਅਮ੍ਰਿਤਸਰ,9 ਸਤੰਬਰ,2026
ਅੰਮ੍ਰਿਤਸਰ ਦੇ ਲਾਰੈਂਸ ਰੋਡ ’ਤੇ ਡਿਊਟੀ ਦੌਰਾਨ ਇੱਕ ਪੁਲਿਸ ਮੁਲਾਜ਼ਮ ਗੰਭੀਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਜਾਣਕਾਰੀ ਮੁਤਾਬਕ ASI ਪਵਨ ਕੁਮਾਰ ਰੋਜ਼ਾਨਾ ਦੀ ਤਰ੍ਹਾਂ ਨਾਕੇ ’ਤੇ ਡਿਊਟੀ ਕਰ ਰਹੇ ਸਨ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਮੋਟਰਸਾਈਕਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਬਾਈਕ ਸਵਾਰ ਨੇ ਰੁਕਣ ਦੀ ਬਜਾਏ ASI ਪਵਨ ਕੁਮਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਪਵਨ ਕੁਮਾਰ ਸੜਕ ’ਤੇ ਡਿੱਗ ਕੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਹਾਦਸੇ ਤੋਂ ਤੁਰੰਤ ਬਾਅਦ ਉਨ੍ਹਾਂ ਦੇ ਸਾਥੀ ਪੁਲਿਸ ਮੁਲਾਜ਼ਮ ਮਦਦ ਲਈ ਪਹੁੰਚੇ ਅਤੇ ASI ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ। ਇਸ ਪੂਰੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਟੱਕਰ ਦੀ ਘਟਨਾ ਕੈਦ ਹੋਈ ਦੱਸੀ ਜਾ ਰਹੀ ਹੈ। ਉਧਰ, ਟੱਕਰ ਮਾਰਨ ਤੋਂ ਬਾਅਦ ਬਾਈਕ ਸਵਾਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵੱਲੋਂ ਫਰਾਰ ਮੁਲਜ਼ਮ ਦੀ ਪਛਾਣ ਕਰਨ ਅਤੇ ਉਸ ਨੂੰ ਕਾਬੂ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ।
