ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ’ਚ ਮਰਦਮਸ਼ੁਮਾਰੀ, ਦਸੰਬਰ ਤੋਂ ਸ਼ੁਰੂ ਹੋਵੇਗੀ ਪ੍ਰਕਿਰਿਆ

ਨਿਊਜ਼ ਪੰਜਾਬ

6 ਸਤੰਬਰ,2026

ਪੰਜਾਬ ਵਿੱਚ 2027 ਦੀ ਮਰਦਮਸ਼ੁਮਾਰੀ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਪੰਜਾਬ ਸਮੇਤ ਗੋਆ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕੁਝ ਹਿੱਸਿਆਂ ਵਿੱਚ ਜਨਗਣਨਾ ਦੀ ਪ੍ਰਕਿਰਿਆ 1 ਦਸੰਬਰ 2026 ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਲੋਕਾਂ ਨੂੰ ਸਵੈ-ਗਣਨਾ ਦੀ ਸਹੂਲਤ ਵੀ ਦਿੱਤੀ ਜਾਵੇਗੀ, ਜਿਸ ਤਹਿਤ 16 ਨਵੰਬਰ ਤੋਂ 30 ਨਵੰਬਰ 2026 ਤੱਕ ਨਾਗਰਿਕ ਖੁਦ ਆਪਣੀ ਜਾਣਕਾਰੀ ਦਰਜ ਕਰ ਸਕਣਗੇ। ਇਸ ਤੋਂ ਬਾਅਦ 1 ਦਸੰਬਰ ਤੋਂ 4 ਜਨਵਰੀ 2027 ਤੱਕ ਘਰ-ਘਰ ਜਾ ਕੇ ਮਰਦਮਸ਼ੁਮਾਰੀ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। 5 ਤੋਂ 9 ਜਨਵਰੀ 2027 ਤੱਕ ਸੋਧ ਪੜਾਅ ਰੱਖਿਆ ਗਿਆ ਹੈ, ਜਿਸ ਦੌਰਾਨ ਦਰਜ ਕੀਤੀ ਗਈ ਜਾਣਕਾਰੀ ਦੀ ਜਾਂਚ ਅਤੇ ਲੋੜੀਂਦੀਆਂ ਸੋਧਾਂ ਕੀਤੀਆਂ ਜਾਣਗੀਆਂ।

ਪੰਜਾਬ ਲਈ ਮਰਦਮਸ਼ੁਮਾਰੀ ਦੀ ਸੰਦਰਭ ਮਿਤੀ 5 ਜਨਵਰੀ 2027 ਦੀ ਰਾਤ 12 ਵਜੇ ਨਿਰਧਾਰਤ ਕੀਤੀ ਗਈ ਹੈ। ਇਹ ਪ੍ਰਕਿਰਿਆ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਪੰਜਾਬ ਵਿਧਾਨ ਸਭਾ ਸਮੇਤ ਗੋਆ, ਮਣੀਪੁਰ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੀਆਂ ਵਿਧਾਨ ਸਭਾਵਾਂ ਦਾ ਕਾਰਜਕਾਲ ਮਈ 2027 ਵਿੱਚ ਖਤਮ ਹੋਣਾ ਹੈ। ਇਸ ਕਾਰਨ ਚੋਣਾਂ ਤੋਂ ਪਹਿਲਾਂ ਮਰਦਮਸ਼ੁਮਾਰੀ ਦੀ ਪ੍ਰਕਿਰਿਆ ਪੂਰੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਲੱਦਾਖ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼-ਉੱਤਰਾਖੰਡ ਦੇ ਬਰਫ਼ਬਾਰੀ ਪ੍ਰਭਾਵਿਤ ਗੈਰ-ਸਮਕਾਲੀ ਖੇਤਰਾਂ ਵਿੱਚ ਮਰਦਮਸ਼ੁਮਾਰੀ ਦਾ ਸਮਾਂ ਵੱਖਰਾ ਰੱਖਿਆ ਗਿਆ ਹੈ। ਇਨ੍ਹਾਂ ਖੇਤਰਾਂ ਵਿੱਚ ਮੌਸਮੀ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਪਹਿਲਾਂ ਹੀ ਗਿਣਤੀ ਕਰਨ ਦੀ ਵਿਵਸਥਾ ਕੀਤੀ ਗਈ ਹੈ। ਮਰਦਮਸ਼ੁਮਾਰੀ 2027 ਦੇਸ਼ ਦੀ ਆਬਾਦੀ, ਸਮਾਜਿਕ ਅਤੇ ਆਰਥਿਕ ਸਥਿਤੀ ਨਾਲ ਜੁੜੇ ਮਹੱਤਵਪੂਰਨ ਅੰਕੜੇ ਇਕੱਠੇ ਕਰਨ ਲਈ ਅਹਿਮ ਪ੍ਰਕਿਰਿਆ ਹੋਵੇਗੀ।