ਦਿੱਲੀ ਦੇ ਸੱਤਿਆ ਨਿਕੇਤਨ ’ਚ 5 ਮੰਜ਼ਿਲਾ ਹੋਸਟਲ ਢਹਿ ਗਿਆ, 1 ਵਿਦਿਆਰਥੀ ਦੀ ਮੌਤ

ਨਿਊਜ ਪੰਜਾਬ

6 ਸਤੰਬਰ,2026

ਦਿੱਲੀ ਦੇ ਸੱਤਿਆ ਨਿਕੇਤਨ ਇਲਾਕੇ ਵਿੱਚ ਐਤਵਾਰ ਦੁਪਹਿਰ ਕਰੀਬ 1:30 ਵਜੇ ਇੱਕ 5 ਮੰਜ਼ਿਲਾ ਹੋਸਟਲ ਦੀ ਇਮਾਰਤ ਅਚਾਨਕ ਢਹਿ ਗਈ। ਹਾਦਸੇ ਵਿੱਚ ਇੱਕ ਵਿਦਿਆਰਥੀ ਦੀ ਮੌਤ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਦਕਿ ਤਿੰਨ ਹੋਰ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਹੁਣ ਤੱਕ 6 ਲੋਕਾਂ ਨੂੰ ਮਲਬੇ ਵਿੱਚੋਂ ਬਚਾਇਆ ਗਿਆ ਹੈ, ਪਰ ਅਜੇ ਵੀ ਕਈ ਵਿਦਿਆਰਥੀਆਂ ਦੇ ਫਸੇ ਹੋਣ ਦਾ ਖਦਸ਼ਾ ਹੈ। ਚਸ਼ਮਦੀਦਾਂ ਮੁਤਾਬਕ ਹਾਦਸੇ ਸਮੇਂ ਵਿਦਿਆਰਥੀ ਆਪਣੇ ਕਮਰਿਆਂ ਵਿੱਚ ਸਨ ਅਤੇ ਬੇਸਮੈਂਟ ਵਿੱਚ ਖੁਦਾਈ ਦਾ ਕੰਮ ਚੱਲ ਰਿਹਾ ਸੀ। ਮਲਬੇ ਹੇਠ ਫਸੇ ਇੱਕ ਨੌਜਵਾਨ ਵੱਲੋਂ ਆਪਣੇ ਦੋਸਤ ਨੂੰ ਬਚਾਉਣ ਲਈ ਵਾਰ-ਵਾਰ ਆਵਾਜ਼ਾਂ ਮਾਰਨ ਦੀ ਗੱਲ ਵੀ ਸਾਹਮਣੇ ਆਈ ਹੈ। ਸਥਾਨਕ ਲੋਕ ਹਥੌੜਿਆਂ ਨਾਲ ਮਲਬਾ ਹਟਾ ਕੇ ਰਾਹਤ ਕਾਰਜਾਂ ਵਿੱਚ ਮਦਦ ਕਰ ਰਹੇ ਹਨ, ਜਦਕਿ ਕੁਝ ਵਾਹਨ ਵੀ ਮਲਬੇ ਹੇਠ ਦੱਬ ਗਏ ਹਨ। ਨੇੜਲੀ ਇੱਕ ਹੋਰ ਇਮਾਰਤ ਨੂੰ ਵੀ ਖਤਰਾ ਦੱਸਿਆ ਗਿਆ ਹੈ ਅਤੇ ਉਥੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।