ਤਰਸੇਮ ਜੱਸੜ ਦੇ ਪ੍ਰਸ਼ੰਸਕਾਂ ਨੂੰ ਝਟਕਾ, ‘ਦਸਤਾਰ’ ਨੂੰ ਨਹੀਂ ਮਿਲਿਆ ਸੈਂਸਰ ਸਰਟੀਫਿਕੇਟ; ਭਾਰਤ ‘ਚ ਰਿਲੀਜ਼ ‘ਤੇ ਰੋਕ

ਨਿਊਜ਼ ਪੰਜਾਬ

16 ਜੁਲਾਈ,2026

ਪੰਜਾਬੀ ਗਾਇਕ ਤੇ ਅਦਾਕਾਰ ਤਰਸੇਮ ਜੱਸੜ ਦੇ ਪ੍ਰਸ਼ੰਸਕਾਂ ਲਈ ਨਿਰਾਸ਼ਾਜਨਕ ਖ਼ਬਰ ਸਾਹਮਣੇ ਆਈ ਹੈ। 17 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਉਨ੍ਹਾਂ ਦੀ ਬਹੁਚਰਚਿਤ ਫ਼ਿਲਮ ‘ਦਸਤਾਰ’ ਨੂੰ ਅਜੇ ਤੱਕ ਸੈਂਸਰ ਬੋਰਡ ਵੱਲੋਂ ਕਲੀਅਰੈਂਸ ਸਰਟੀਫਿਕੇਟ ਨਹੀਂ ਮਿਲਿਆ, ਜਿਸ ਕਾਰਨ ਫ਼ਿਲਮ ਭਾਰਤ ਵਿੱਚ ਰਿਲੀਜ਼ ਨਹੀਂ ਹੋ ਸਕੇਗੀ। ਹਾਲਾਂਕਿ ਫ਼ਿਲਮ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਰਿਲੀਜ਼ ਕੀਤਾ ਜਾਵੇਗਾ, ਪਰ ਭਾਰਤੀ ਦਰਸ਼ਕਾਂ ਨੂੰ ਇਸ ਲਈ ਹੋਰ ਉਡੀਕ ਕਰਨੀ ਪਵੇਗੀ। ਦਿਲਜੀਤ ਦੋਸਾਂਝ ਦੀ ਫ਼ਿਲਮ ‘ਸਤਲੁਜ’ ਤੋਂ ਬਾਅਦ ਹੁਣ ‘ਦਸਤਾਰ’ ਵੀ ਸੈਂਸਰ ਬੋਰਡ ਦੀ ਸਮੀਖਿਆ ਵਿੱਚ ਫਸ ਗਈ ਹੈ, ਜਿਸ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਨਵੀਂ ਚਰਚਾ ਛਿੜ ਗਈ ਹੈ। ਫ਼ਿਲਮ ਵਿੱਚ ਤਰਸੇਮ ਜੱਸੜ ਮੁੱਖ ਭੂਮਿਕਾ ਵਿੱਚ ਹਨ, ਜਦਕਿ ਯੋਗਰਾਜ ਸਿੰਘ ਵੀ ਅਹਿਮ ਕਿਰਦਾਰ ਨਿਭਾ ਰਹੇ ਹਨ। ਫ਼ਿਲਮ ਦੇ ਗੀਤਾਂ ਅਤੇ ਕਹਾਣੀ ਨੂੰ ਲੈ ਕੇ ਦਰਸ਼ਕਾਂ ਵਿੱਚ ਕਾਫ਼ੀ ਉਤਸ਼ਾਹ ਸੀ, ਪਰ ਸੈਂਸਰ ਸਰਟੀਫਿਕੇਟ ਨਾ ਮਿਲਣ ਕਾਰਨ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਿਆ ਹੈ।