ਨਿਊਜ਼ ਪੰਜਾਬ
3 ਅਪ੍ਰੈਲ 2026
ਪੰਜਾਬੀ ਅਤੇ ਬਾਲੀਵੁੱਡ ਦੇ ਮਸ਼ਹੂਰ ਗਾਇਕ-ਰੈਪਰ Yo Yo Honey Singh ਦੇ ਪੁਣੇ ਵਿੱਚ ਹੋਣ ਵਾਲੇ ਸ਼ੋਅ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਮਹਾਰਾਸ਼ਟਰ ਦੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨੇ ਪੁਣੇ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਹਨੀ ਸਿੰਘ ਨੂੰ ਕੁਝ ਵਿਵਾਦਿਤ ਗੀਤ ਗਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਹਨੀ ਸਿੰਘ ਦੇ ਕੁਝ ਗੀਤ ਜਿਵੇਂ “One Bottle Down”, “Chaar Botal Vodka”, “Manali Trance”, “This Party Getting Hot”, “Makhna”, “Goliyan” ਅਤੇ “Millionaire” ਸ਼ਰਾਬ, ਡਰੱਗ ਅਤੇ ਗੰਨ ਕਲਚਰ ਨੂੰ ਪ੍ਰੋਤਸਾਹਿਤ ਕਰਦੇ ਹਨ, ਜਿਸਦਾ ਬੱਚਿਆਂ ‘ਤੇ ਮਾੜਾ ਅਸਰ ਪੈ ਸਕਦਾ ਹੈ। ਇਹ ਸ਼ਿਕਾਇਤ ਚੰਡੀਗੜ੍ਹ ਦੇ ਪ੍ਰੋਫੈਸਰ ਪੰਡਿਤ ਪੰਡਿਤਰਾਓ ਧਰੇਨਵਰ ਵੱਲੋਂ ਦਰਜ ਕਰਵਾਈ ਗਈ ਹੈ।
📍 ਹਨੀ ਸਿੰਘ ਦਾ ਇਹ ਸ਼ੋਅ 4 ਅਪ੍ਰੈਲ 2026 ਨੂੰ ਪੁਣੇ ਦੇ ਮਹਾਲਕਸ਼ਮੀ ਲਾਅਨਜ਼ ਵਿੱਚ ਹੋਣਾ ਸੀ, ਪਰ ਖਰਾਬ ਮੌਸਮ ਕਾਰਨ ਇਸਨੂੰ ਹੁਣ 18 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਸ਼ੋਅ ਉਨ੍ਹਾਂ ਦੇ “My Story” ਟੂਰ ਦਾ ਹਿੱਸਾ ਹੈ।
ਪੱਤਰ ਵਿੱਚ ਸਟੇਜ ‘ਤੇ ਅਸ਼ਲੀਲ ਭਾਸ਼ਾ ਦੀ ਵਰਤੋਂ ‘ਤੇ ਵੀ ਪਾਬੰਦੀ ਦੀ ਮੰਗ ਕੀਤੀ ਗਈ ਹੈ। ਖ਼ਾਸ ਕਰਕੇ ਇਹ ਗੱਲ ਉੱਠਾਈ ਗਈ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਇਸ ਸਮਾਗਮ ਵਿੱਚ ਸ਼ਾਮਲ ਹੋ ਸਕਦੇ ਹਨ, ਜਿਸ ਨਾਲ ਉਨ੍ਹਾਂ ‘ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ। ਇਸ ਸਬੰਧ ਵਿੱਚ 2019 ਦੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਦਾ ਵੀ ਹਵਾਲਾ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ 28 ਮਾਰਚ ਨੂੰ ਮੁੰਬਈ ਦੇ ਬਾਂਦਰਾ ਇਲਾਕੇ ਵਿੱਚ ਹੋਏ ਸ਼ੋਅ ਦੌਰਾਨ ਵੀ ਵਿਵਾਦ ਹੋਇਆ ਸੀ। ਉਥੇ ਸ਼ੋਅ ਆਰਗਨਾਈਜ਼ਰਾਂ ਖ਼ਿਲਾਫ਼ FIR ਦਰਜ ਕੀਤੀ ਗਈ ਸੀ, ਕਿਉਂਕਿ ਉਨ੍ਹਾਂ ਨੇ ਬਿਨਾਂ ਇਜਾਜ਼ਤ ਸੰਵੇਦਨਸ਼ੀਲ ਖੇਤਰ ਵਿੱਚ ਲੇਜ਼ਰ ਲਾਈਟਾਂ ਦੀ ਵਰਤੋਂ ਕੀਤੀ ਸੀ, ਜਿਸ ਨਾਲ ਹਵਾਈ ਸੁਰੱਖਿਆ ਨੂੰ ਖਤਰਾ ਹੋ ਸਕਦਾ ਸੀ।
