ਨਿਊਜ਼ ਪੰਜਾਬ
29 ਅਗਸਤ,2026
ਪੰਜਾਬ ਨੂੰ ਸਾਫ਼-ਸੁਥਰਾ ਅਤੇ ਹਰਾ-ਭਰਾ ਬਣਾਉਣ ਦੇ ਉਦੇਸ਼ ਨਾਲ ਸੂਬਾ ਸਰਕਾਰ ਵੱਲੋਂ ਅੱਜ ‘ਮਿਸ਼ਨ ਕਲੀਨ ਪੰਜਾਬ’ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਦੇ ਥਾਪਰ ਚੌਕ ਵਿਖੇ ਖੁਦ ਸਫਾਈ ਕਰਕੇ ਇਸ ਵਿਸ਼ੇਸ਼ ਮੁਹਿੰਮ ਦਾ ਆਗਾਜ਼ ਕੀਤਾ। ਇਹ 10 ਦਿਨਾਂ ਦੀ ਮੁਹਿੰਮ 29 ਅਗਸਤ ਤੋਂ 7 ਸਤੰਬਰ ਤੱਕ ਚੱਲੇਗੀ। ਇਸ ਦੌਰਾਨ ਪੰਜਾਬ ਭਰ ਵਿੱਚ ਉਨ੍ਹਾਂ ਥਾਵਾਂ ਦੀ ਪਛਾਣ ਕਰਕੇ ਸਫਾਈ ਕੀਤੀ ਜਾਵੇਗੀ, ਜਿੱਥੇ ਅਕਸਰ ਕੂੜਾ ਇਕੱਠਾ ਹੁੰਦਾ ਹੈ ਅਤੇ ਜੋ ‘ਗਾਰਬੇਜ ਵਲਨਰੇਬਲ ਪੁਆਇੰਟ’ ਵਜੋਂ ਸਾਹਮਣੇ ਆਉਂਦੇ ਹਨ। ਸਰਕਾਰ ਦਾ ਟੀਚਾ ਇਨ੍ਹਾਂ ਸਥਾਨਾਂ ਨੂੰ ਸਾਫ਼ ਕਰਕੇ ਕੂੜੇ ਦੀ ਸਮੱਸਿਆ ਨੂੰ ਘਟਾਉਣਾ ਅਤੇ ਜਨਤਕ ਸਿਹਤ ਤੇ ਵਾਤਾਵਰਣ ਨੂੰ ਬਿਹਤਰ ਬਣਾਉਣਾ ਹੈ। ਇਸ ਮੁਹਿੰਮ ਵਿੱਚ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਵੀ ਸਰਗਰਮੀ ਨਾਲ ਹਿੱਸਾ ਲਿਆ ਜਾਵੇਗਾ ਅਤੇ ਉਹ ਆਪਣੇ-ਆਪਣੇ ਹਲਕਿਆਂ ਵਿੱਚ ਸਫਾਈ ਮੁਹਿੰਮਾਂ ਦੀ ਅਗਵਾਈ ਕਰਨਗੇ। ਸਰਕਾਰ ਨੇ ਲੋਕਾਂ ਨੂੰ ਵੀ ਇਸ ਮੁਹਿੰਮ ਨਾਲ ਜੁੜਨ ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।
