ਜਲੰਧਰ ‘ਚ ਅੱਜ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦਾ ਨੀਂਹ ਪੱਥਰ, ਮਾਨ-ਕੇਜਰੀਵਾਲ ਸਮੇਤ ਸੰਤ ਨਿਰੰਜਣ ਦਾਸ ਕਰਨਗੇ ਸ਼ਿਰਕਤ

ਨਿਊਜ਼ ਪੰਜਾਬ

9 ਅਗਸਤ,2026

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਜਲੰਧਰ ਦੇ ਪਿੰਡ ਨੌਗੱਜਾ ਵਿਖੇ ‘ਸ਼੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ’ ਦਾ ਨੀਂਹ ਪੱਥਰ ਰੱਖਣਗੇ। ਇਸ ਰਾਜ ਪੱਧਰੀ ਸਮਾਗਮ ਵਿੱਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਣ ਦਾਸ ਵੀ ਸ਼ਿਰਕਤ ਕਰਨਗੇ। ਕੇਂਦਰ ਵਿੱਚ ਗੁਰੂ ਰਵਿਦਾਸ ਜੀ ਦੇ ਜੀਵਨ, ਬਾਣੀ ਅਤੇ ਸਿੱਖਿਆਵਾਂ ‘ਤੇ ਖੋਜ ਲਈ ਆਧੁਨਿਕ ਕਲਾਸਰੂਮ, ਲਾਇਬ੍ਰੇਰੀ, ਕੋਚਿੰਗ ਸਹੂਲਤਾਂ ਅਤੇ ਪ੍ਰਦਰਸ਼ਨੀ ਹਾਲ ਬਣਾਇਆ ਜਾਵੇਗਾ। ਲਗਭਗ 10.5 ਏਕੜ ਜ਼ਮੀਨ ‘ਤੇ ਤਿਆਰ ਹੋਣ ਵਾਲੇ ਇਸ ਕੇਂਦਰ ਵਿੱਚ ਇੱਕੋ ਸਮੇਂ ਕਰੀਬ 500 ਵਿਦਿਆਰਥੀ ਪੜ੍ਹਾਈ ਅਤੇ ਖੋਜ ਕਰ ਸਕਣਗੇ।

ਵੀ.ਆਈ.ਪੀ. ਦੌਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਸੁਰੱਖਿਆ ਦੇੜ੍ਹੇ-ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।ਸਮਾਗਮ ਦੀ ਗੰਭੀਰਤਾ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਪਿੰਡ ਬੱਲਾਂ ਵਿਖੇ ਬਣਾਏ ਗਏ ਲੈਂਡਿੰਗ ਪੁਆਇੰਟ, ਬੱਲਾਂ ਤੋਂ ਨੌਗੱਜਾ ਤੱਕ ਦੇ ਪੂਰੇ ਰੂਟ ਅਤੇ ਸਮਾਗਮ ਵਾਲੀ ਥਾਂ ਨੂੰ ‘ਨੋ-ਫਲਾਈ ਜ਼ੋਨ’ ਘੋਸ਼ਿਤ ਕਰ ਦਿੱਤਾ ਹੈ। ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਇਲਾਕੇ ‘ਚ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ।