ਨਿਊਜ਼ ਪੰਜਾਬ
13 ਮਈ 2026
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ ਵੀ ਕੁੜੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲੇ ਤਿੰਨ ਸਥਾਨਾਂ ‘ਤੇ ਬਾਜ਼ੀ ਮਾਰੀ ਹੈ। ਤਿੰਨਾਂ ਵਿਦਿਆਰਥਣਾਂ ਨੇ 500 ਵਿੱਚੋਂ 500 ਅੰਕ ਹਾਸਲ ਕਰਕੇ 100 ਫੀਸਦੀ ਨਤੀਜਾ ਪ੍ਰਾਪਤ ਕੀਤਾ ਹੈ।

ਬੋਰਡ ਅਨੁਸਾਰ ਇਸ ਸਾਲ ਕੁੱਲ 2,65,417 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ 2,42,755 ਵਿਦਿਆਰਥੀ ਪਾਸ ਹੋਏ ਹਨ। ਇਸ ਤਰ੍ਹਾਂ ਕੁੱਲ ਨਤੀਜਾ 91.46 ਫੀਸਦੀ ਰਿਹਾ।
ਪਹਿਲਾ ਸਥਾਨ ਮਾਨਸਾ ਦੇ ਗੁਰੂਕੁਲ ਅਕੈਡਮੀ ਪਬਲਿਕ ਸਕੂਲ ਉੱਬਾ ਦੀ ਵਿਦਿਆਰਥਣ ਸੁਪਨੀਤ ਕੌਰ ਨੇ ਹਾਸਲ ਕੀਤਾ। ਦੂਜੇ ਸਥਾਨ ‘ਤੇ ਬੀਸੀਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਸੋਹਣੀ ਚੌਹਾਨ ਰਹੀ, ਜਦਕਿ ਤੀਜਾ ਸਥਾਨ ਲੁਧਿਆਣਾ ਦੇ ਤੇਜਾ ਸਿੰਘ ਸਵਤੰਤਰ ਮੈਮੋਰੀਅਲ ਸਕੂਲ ਸ਼ਿਮਲਾ ਪੁਰੀ ਦੀ ਦੀਵਾਂਸ਼ੀ ਨੇ ਪ੍ਰਾਪਤ ਕੀਤਾ। ਤਿੰਨਾਂ ਨੇ 500 ਵਿੱਚੋਂ ਪੂਰੇ 500 ਅੰਕ ਹਾਸਲ ਕੀਤੇ ਹਨ।
ਸੁਪਨੀਤ ਕੌਰ ਸਾਇੰਸ ਗਰੁੱਪ ਨਾਲ ਸੰਬੰਧਿਤ ਹੈ, ਜਦਕਿ ਸੋਹਣੀ ਚੌਹਾਨ ਅਤੇ ਦੀਵਾਂਸ਼ੀ ਹਿਊਮੈਨਿਟੀਜ਼ ਗਰੁੱਪ ਦੀਆਂ ਵਿਦਿਆਰਥਣਾਂ ਹਨ। ਖਾਸ ਗੱਲ ਇਹ ਹੈ ਕਿ ਤਿੰਨਾਂ ਹੀ ਵਿਦਿਆਰਥਣਾਂ ਖੇਡਾਂ ਨਾਲ ਵੀ ਜੁੜੀਆਂ ਹੋਈਆਂ ਹਨ।
ਵਿਦਿਆਰਥੀ ਆਪਣਾ ਨਤੀਜਾ PSEB ਦੀ ਅਧਿਕਾਰਤ ਵੈਬਸਾਈਟ ‘ਤੇ ਜਾ ਕੇ ਵੇਖ ਸਕਦੇ ਹਨ। ਨਤੀਜਾ ਚੈੱਕ ਕਰਨ ਲਈ ਵਿਦਿਆਰਥੀਆਂ ਨੂੰ ਹੋਮ ਪੇਜ ‘ਤੇ ਦਿੱਤੇ 12ਵੀਂ ਕਲਾਸ ਦੇ ਨਤੀਜੇ ਵਾਲੇ ਲਿੰਕ ‘ਤੇ ਕਲਿੱਕ ਕਰਕੇ ਆਪਣਾ ਰੋਲ ਨੰਬਰ ਅਤੇ ਨਾਮ ਦਰਜ ਕਰਨਾ ਹੋਵੇਗਾ। ਨਤੀਜਾ ਸਕਰੀਨ ‘ਤੇ ਖੁੱਲ੍ਹਣ ਤੋਂ ਬਾਅਦ ਉਸਨੂੰ ਡਾਊਨਲੋਡ ਜਾਂ ਪ੍ਰਿੰਟ ਵੀ ਕੀਤਾ ਜਾ ਸਕਦਾ ਹੈ।
ਜੇਕਰ ਕਿਸੇ ਵਿਦਿਆਰਥੀ ਨੂੰ ਨਤੀਜਾ ਵੇਖਣ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਬੋਰਡ ਦੀ ਹੈਲਪਲਾਈਨ 95491-61161 ‘ਤੇ ਸੰਪਰਕ ਕਰ ਸਕਦੇ ਹਨ।
