ਨਿਊਜ਼ ਪੰਜਾਬ
20 ਅਗਸਤ,2026
ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੋਨੇ ਦੀ ਤਸਕਰੀ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਕਸਟਮ ਅਧਿਕਾਰੀਆਂ ਨੇ ਰਿਆਧ ਤੋਂ ਮੁੰਬਈ ਰਾਹੀਂ ਦਿੱਲੀ ਪਹੁੰਚੇ ਇੱਕ ਯਾਤਰੀ ਕੋਲੋਂ 523 ਗ੍ਰਾਮ 24 ਕੈਰੇਟ ਸੋਨਾ ਬਰਾਮਦ ਕੀਤਾ ਹੈ, ਜਿਸ ਦੀ ਕੀਮਤ ਲਗਭਗ 1 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਸੋਨੇ ਦੇ 15 ਟੁਕੜਿਆਂ ਨੂੰ ਨਾਨ-ਸਟਿੱਕ ਕੁੱਕਵੇਅਰ ਦੇ ਢੱਕਣਾਂ ਦੇ ਠੋਸ ਹਿੱਸਿਆਂ ਅੰਦਰ ਲੁਕਾਇਆ ਗਿਆ ਸੀ। ਐਕਸ-ਰੇ ਜਾਂਚ ਦੌਰਾਨ ਸ਼ੱਕੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਕਸਟਮ ਅਧਿਕਾਰੀਆਂ ਨੇ ਯਾਤਰੀ ਦੀ ਡੂੰਘਾਈ ਨਾਲ ਤਲਾਸ਼ੀ ਲਈ, ਜਿਸ ਦੌਰਾਨ ਇਹ ਸੋਨਾ ਬਰਾਮਦ ਹੋਇਆ। ਕਸਟਮ ਵਿਭਾਗ ਨੇ ਯਾਤਰੀ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਤਸਕਰੀ ਦੇ ਪਿੱਛੇ ਕੌਣ-ਕੌਣ ਲੋਕ ਸ਼ਾਮਲ ਹਨ।
