ਚੰਡੀਗੜ੍ਹ-ਮਨਾਲੀ ਹਾਈਵੇਅ ’ਤੇ ਭਿਆਨਕ ਹਾਦਸਾ, ਦੋ ਟਰੱਕਾਂ ਦੀ ਟੱਕਰ ’ਚ ਪੰਜਾਬ ਦੇ 4 ਲੋਕਾਂ ਦੀ ਮੌਤ, 7 ਜ਼ਖਮੀ

ਨਿਊਜ਼ ਪੰਜਾਬ

20 ਅਗਸਤ,2026

ਚੰਡੀਗੜ੍ਹ-ਮਨਾਲੀ ਹਾਈਵੇਅ ’ਤੇ ਦਵਾੜਾ ਟਨਲ ਵਿੱਚ ਵੀਰਵਾਰ ਸਵੇਰੇ ਕਰੀਬ 6:30 ਵਜੇ ਦੋ ਟਰੱਕਾਂ ਦੀ ਆਹਮੋ-ਸਾਹਮਣੇ ਭਿਆਨਕ ਟੱਕਰ ਹੋ ਗਈ। ਇਸ ਦਰਦਨਾਕ ਹਾਦਸੇ ਵਿੱਚ ਪੰਜਾਬ ਦੇ 4 ਲੋਕਾਂ ਦੀ ਮੌਤ ਹੋ ਗਈ, ਜਦਕਿ 7 ਹੋਰ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਮੌਕੇ ’ਤੇ ਹਫੜਾ-ਦਫੜੀ ਮਚ ਗਈ। ਸੂਚਨਾ ਮਿਲਦੇ ਹੀ ਪੁਲਿਸ ਅਤੇ ਸਥਾਨਕ ਲੋਕਾਂ ਨੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤੇ ਅਤੇ ਜ਼ਖਮੀਆਂ ਨੂੰ ਨਗਵਾਈ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਮੁਤਾਬਕ ਪੰਜਾਬ ਨੰਬਰ ਦਾ ਟਰੱਕ ਮੰਡੀ ਤੋਂ ਕੁੱਲੂ ਵੱਲ ਜਾ ਰਿਹਾ ਸੀ, ਜਿਸ ਵਿੱਚ 9 ਲੋਕ ਸਵਾਰ ਸਨ, ਜਦਕਿ ਦੂਜਾ ਹਿਮਾਚਲ ਨੰਬਰ ਦਾ ਟਰੱਕ ਕੁੱਲੂ ਤੋਂ ਮੰਡੀ ਵੱਲ ਆ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਲੋਕ ਸ਼ੀਸ਼ੇ ਲੈ ਕੇ ਕੁੱਲੂ ਜਾ ਰਹੇ ਸਨ।

ਪੁਲਿਸ ਨੇ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੋਸਟਮਾਰਟਮ ਪੂਰੀ ਹੋਣ ਤੋਂ ਬਾਅਦ ਲਾਸ਼ਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।