ਅੰਮ੍ਰਿਤਸਰ ’ਚ ਦੇਰ ਰਾਤ SGPC ਦੀਆਂ ਬੱਸਾਂ ’ਚ ਭੰਨਤੋੜ,6 ਸ਼ੀਸ਼ੇ ਟੁੱਟੇ,ਪੁਲਿਸ ਜਾਂਚ ਜਾਰੀ 

ਨਿਊਜ਼ ਪੰਜਾਬ

20 ਅਗਸਤ,2026

ਅੰਮ੍ਰਿਤਸਰ ਵਿੱਚ ਸੰਗਤਾਂ ਦੀ ਸਹੂਲਤ ਲਈ SGPC ਵੱਲੋਂ ਚਲਾਈਆਂ ਜਾ ਰਹੀਆਂ AC ਬੱਸਾਂ ਦੀ ਰਾਤ ਸਮੇਂ ਭੰਨਤੋੜ ਦਾ ਮਾਮਲਾ ਸਾਹਮਣੇ ਆਇਆ ਹੈ। ਸਾਰਾਗੜ੍ਹੀ ਸਰਾਂ ਨੇੜੇ ਖੜ੍ਹੀਆਂ ਇਨ੍ਹਾਂ ਬੱਸਾਂ ਦੇ ਕੁਝ ਸ਼ੀਸ਼ੇ ਟੁੱਟੇ ਮਿਲੇ। SGPC ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਘਟਨਾ ’ਤੇ ਸਖ਼ਤ ਨਾਰਾਜ਼ਗੀ ਜ਼ਾਹਰ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਗੁਰਚਰਨ ਸਿੰਘ ਗਰੇਵਾਲ ਮੁਤਾਬਕ ਇੱਕ ਬੱਸ ਦੇ 4 ਅਤੇ ਦੂਜੀ ਦੇ 2 ਸ਼ੀਸ਼ੇ ਟੁੱਟੇ ਹਨ। ਬੱਸਾਂ ’ਤੇ ਗੋਲੀ ਚੱਲਣ ਵਰਗੇ ਨਿਸ਼ਾਨ ਹੋਣ ਦੀ ਗੱਲ ਵੀ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਹਾਲਾਂਕਿ ਥਾਣਾ ਕੋਤਵਾਲੀ ਦੇ ਇੰਚਾਰਜ ਮੁਤਾਬਕ ਸ਼ੁਰੂਆਤੀ ਜਾਂਚ ਵਿੱਚ ਗੋਲੀ ਚੱਲਣ ਦੀ ਪੁਸ਼ਟੀ ਨਹੀਂ ਹੋਈ। ਪੁਲਿਸ ਨੂੰ ਸ਼ੱਕ ਹੈ ਕਿ ਸਰਾਂ ਵੱਲੋਂ ਕਿਸੇ ਨੇ ਪੱਥਰ ਸੁੱਟਿਆ ਹੋ ਸਕਦਾ ਹੈ। CCTV ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦੌਰਾਨ ਕਿਸੇ ਸੰਗਤ ਜਾਂ ਯਾਤਰੀ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।