ਖਨੌਰੀ ਸਰਹੱਦ ਤੋਂ 55 ਕਿਸਾਨਾਂ ਦਾ ਦਿੱਲੀ ਵੱਲ ਸ਼ਾਂਤੀਪੂਰਨ ਪੈਦਲ ਮਾਰਚ, 29 ਅਗਸਤ ਨੂੰ ਜੰਤਰ-ਮੰਤਰ ਪਹੁੰਚਣ ਦਾ ਟੀਚਾ

ਨਿਊਜ਼ ਪੰਜਾਬ

16 ਅਗਸਤ,2026

ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਦੇ 55 ਕਿਸਾਨਾਂ ਦਾ ਸਮੂਹ ਅੱਜ ਐਤਵਾਰ ਨੂੰ ਗੁਰਦੁਆਰਾ ਦਾਤਾਵਾਲਾ ਤੋਂ ਖਨੌਰੀ ਸਰਹੱਦ ਲਈ ਸ਼ਾਂਤੀਪੂਰਨ ਪੈਦਲ ਮਾਰਚ ਸ਼ੁਰੂ ਕਰੇਗਾ। ਕਿਸਾਨ ਆਗੂਆਂ ਮੁਤਾਬਕ ਇਸ ਮਾਰਚ ਦਾ ਉਦੇਸ਼ ਕੇਂਦਰ ਸਰਕਾਰ ਤੱਕ ਕਿਸਾਨਾਂ ਦੀਆਂ ਮੰਗਾਂ ਅਤੇ ਅਮਰੀਕਾ ਨਾਲ ਪ੍ਰਸਤਾਵਿਤ ਵਪਾਰ ਸਮਝੌਤੇ ਦੇ ਵਿਰੋਧ ਦੀ ਆਵਾਜ਼ ਪਹੁੰਚਾਉਣਾ ਹੈ।

ਕਿਸਾਨ ਰਸਤੇ ਵਿੱਚ ਵੱਖ-ਵੱਖ ਥਾਵਾਂ ’ਤੇ ਪੜਾਅ ਕਰਦੇ ਹੋਏ ਅੱਗੇ ਵਧਣਗੇ ਅਤੇ 29 ਅਗਸਤ ਨੂੰ ਦਿੱਲੀ ਦੇ ਜੰਤਰ-ਮੰਤਰ ਪਹੁੰਚ ਕੇ ਕਿਸਾਨ ਪੰਚਾਇਤ ਕਰਨ ਦੀ ਯੋਜਨਾ ਹੈ। ਇਸ ਤੋਂ ਬਾਅਦ ਸਰਕਾਰ ਨੂੰ ਮੰਗ ਪੱਤਰ ਸੌਂਪਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮਾਰਚ ਦੌਰਾਨ ਕਿਸੇ ਵੀ ਤਰ੍ਹਾਂ ਦੇ ਟਕਰਾਅ ਦੀ ਕੋਈ ਯੋਜਨਾ ਨਹੀਂ ਹੈ ਅਤੇ ਕਿਸਾਨ ਪੂਰੀ ਤਰ੍ਹਾਂ ਸ਼ਾਂਤੀਪੂਰਨ ਢੰਗ ਨਾਲ ਦਿੱਲੀ ਵੱਲ ਜਾਣਗੇ। ਉਨ੍ਹਾਂ ਕਿਹਾ ਕਿ ਸਮੂਹ ਵਿੱਚ ਨਾ ਵੱਡੀ ਭੀੜ ਹੈ ਅਤੇ ਨਾ ਹੀ ਟਰੈਕਟਰ-ਟਰਾਲੀਆਂ, ਇਸ ਲਈ ਸਰਕਾਰ ਨੂੰ ਇਸ ਮਾਰਚ ਨੂੰ ਰੋਕਣ ਦੀ ਬਜਾਏ ਕਿਸਾਨਾਂ ਦੀਆਂ ਮੰਗਾਂ ਸੁਣਨੀਆਂ ਚਾਹੀਦੀਆਂ ਹਨ।