ਨਿਊਜ਼ ਪੰਜਾਬ
16 ਅਗਸਤ,2026
ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਪਟਿਆਲਾ-ਚੰਡੀਗੜ੍ਹ ਰੋਡ ’ਤੇ ਗਗਨ ਫੈਕਟਰੀ ਨੇੜੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸੇ ਵਿੱਚ ਝਿੰਜਰ ਦੀਆਂ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ, ਜਦਕਿ ਸਰਬਜੀਤ ਸਿੰਘ ਝਿੰਜਰ ਅਤੇ ਉਨ੍ਹਾਂ ਦੇ ਸਾਥੀਆਂ ਦਾ ਵਾਲ-ਵਾਲ ਬਚਾਅ ਹੋ ਗਿਆ।
ਜਾਣਕਾਰੀ ਮੁਤਾਬਕ ਝਿੰਜਰ ਰਾਜਪੁਰਾ ਦੇ ਨੀਲਮ ਹਸਪਤਾਲ ਤੋਂ ਆਪਣੇ ਕਿਸੇ ਨਜ਼ਦੀਕੀ ਦੀ ਖ਼ਬਰ ਲੈ ਕੇ ਆਪਣੇ ਹਲਕੇ ਘਨੌਰ ਵੱਲ ਜਾ ਰਹੇ ਸਨ। ਇਸ ਦੌਰਾਨ ਇੱਕ ਵਾਹਨ ਉਨ੍ਹਾਂ ਦੀ ਗੱਡੀ ਦੇ ਅੱਗੇ ਆ ਗਿਆ, ਜਿਸ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਵਾਹਨ ਨੇ ਉਨ੍ਹਾਂ ਦੇ ਕਾਫ਼ਲੇ ਦੀਆਂ ਗੱਡੀਆਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਦੋਵੇਂ ਵਾਹਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਖੁਸ਼ਕਿਸਮਤੀ ਨਾਲ ਕਿਸੇ ਵੀ ਵਿਅਕਤੀ ਦੀ ਜਾਨ ਨਹੀਂ ਗਈ। ਮਾਮਲੇ ਸਬੰਧੀ ਸਰਬਜੀਤ ਸਿੰਘ ਝਿੰਜਰ ਵੱਲੋਂ ਰਾਜਪੁਰਾ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ।
