ਨਿਊਜ਼ ਪੰਜਾਬ
5 ਜੁਲਾਈ 2026
ਫਿਰੋਜ਼ਪੁਰ ਦੇ ਮਮਦੋਟ ਨਗਰ ਪੰਚਾਇਤ ਚੋਣਾਂ ਦੇ ਆਖਰੀ ਨਤੀਜੇ ਐਲਾਨੇ ਜਾਣ ਤੋਂ ਬਾਅਦ ਸਿਆਸੀ ਤਸਵੀਰ ਪੂਰੀ ਤਰ੍ਹਾਂ ਸਾਫ਼ ਹੋ ਗਈ ਹੈ। 13 ਵਾਰਡਾਂ ਵਿੱਚੋਂ ਪਹਿਲਾਂ ਹੀ 11 ਵਾਰਡਾਂ ਦੇ ਨਤੀਜੇ ਆ ਚੁੱਕੇ ਸਨ, ਜਦਕਿ ਅੱਜ ਵਾਰਡ ਨੰਬਰ 3 ਅਤੇ ਵਾਰਡ ਨੰਬਰ 9 ਲਈ ਪਈਆਂ ਵੋਟਾਂ ਦੀ ਗਿਣਤੀ ਤੋਂ ਬਾਅਦ ਦੋਵੇਂ ਸੀਟਾਂ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਸ਼ਾਨਦਾਰ ਜਿੱਤ ਦਰਜ ਕੀਤੀ। ਇਨ੍ਹਾਂ ਨਤੀਜਿਆਂ ਨਾਲ ਨਗਰ ਪੰਚਾਇਤ ਵਿੱਚ ਆਮ ਆਦਮੀ ਪਾਰਟੀ ਦੇ ਕੁੱਲ 9 ਕੌਂਸਲਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ 4 ਕੌਂਸਲਰ ਚੁਣੇ ਗਏ ਹਨ। ਦੂਜੇ ਪਾਸੇ ਕਾਂਗਰਸ, ਭਾਜਪਾ ਅਤੇ ਹੋਰ ਵਿਰੋਧੀ ਪਾਰਟੀਆਂ ਇੱਕ ਵੀ ਸੀਟ ਜਿੱਤਣ ਵਿੱਚ ਨਾਕਾਮ ਰਹੀਆਂ, ਜਿਸ ਕਾਰਨ ਉਨ੍ਹਾਂ ਦਾ ਖਾਤਾ ਵੀ ਨਹੀਂ ਖੁੱਲ੍ਹ ਸਕਿਆ। ਦੋਵੇਂ ਬਾਕੀ ਰਹਿੰਦੀਆਂ ਸੀਟਾਂ ‘ਤੇ ਮਿਲੀ ਜਿੱਤ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਪਾਰਟੀ ਨੇ ਇਸ ਨਤੀਜੇ ਨੂੰ ਲੋਕਾਂ ਦੇ ਭਰੋਸੇ ਦੀ ਜਿੱਤ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਨਗਰ ਪੰਚਾਇਤ ਵਿੱਚ ਆਮ ਆਦਮੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਣ ਨਾਲ ਸਥਾਨਕ ਪ੍ਰਸ਼ਾਸਨ ਵਿੱਚ ਉਸਦੀ ਭੂਮਿਕਾ ਹੋਰ ਮਜ਼ਬੂਤ ਹੋ ਗਈ ਹੈ, ਜਦਕਿ ਅਕਾਲੀ ਦਲ ਨੇ ਆਖਰੀ ਦੋ ਵਾਰਡ ਜਿੱਤ ਕੇ ਆਪਣੀ ਮੌਜੂਦਗੀ ਪ੍ਰਭਾਵਸ਼ਾਲੀ ਢੰਗ ਨਾਲ ਦਰਜ ਕਰਵਾਈ ਹੈ।
