ਕਿਡਨੀ ਦੀ ਬੀਮਾਰੀ ਸਾਬਤ ਹੋ ਸਕਦੀ ਹੈ ‘ਸਾਈਲੈਂਟ ਕਿੱਲਰ’, ਇਹ ਲੱਛਣ ਦਿਖਣ ‘ਤੇ ਤੁਰੰਤ ਹੋ ਜਾਓ ਸਾਵਧਾਨ

ਨਿਊਜ਼ ਪੰਜਾਬ

6 ਮਈ 2026

ਕਿਡਨੀ ਸਾਡੇ ਸਰੀਰ ਦਾ ਇੱਕ ਬਹੁਤ ਹੀ ਮਹੱਤਵਪੂਰਨ ਅੰਗ ਹੈ, ਜੋ ਸਰੀਰ ਨੂੰ ਤੰਦਰੁਸਤ ਰੱਖਣ ਲਈ ਦਿਨ-ਰਾਤ ਕੰਮ ਕਰਦੀ ਹੈ। ਇਹ ਖ਼ੂਨ ਨੂੰ ਫਿਲਟਰ ਕਰਕੇ ਸਰੀਰ ਵਿੱਚੋਂ ਜ਼ਹਿਰੀਲੇ ਤੱਤ ਅਤੇ ਵਾਧੂ ਪਾਣੀ ਬਾਹਰ ਕੱਢਦੀ ਹੈ। ਇਸ ਦੇ ਨਾਲ ਹੀ ਕਿਡਨੀ ਬਲੱਡ ਪ੍ਰੈਸ਼ਰ ਨੂੰ ਸੰਤੁਲਿਤ ਰੱਖਣ, ਸਰੀਰ ਵਿੱਚ ਮਿਨਰਲਸ ਦੀ ਮਾਤਰਾ ਕਾਬੂ ਕਰਨ ਅਤੇ ਲਾਲ ਖੂਨ ਦੇ ਸੈੱਲ ਬਣਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ। ਪਰ ਅੱਜਕੱਲ੍ਹ ਗਲਤ ਖਾਣ-ਪੀਣ, ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ ਅਤੇ ਬਦਲ ਰਹੀ ਜੀਵਨਸ਼ੈਲੀ ਕਾਰਨ ਕਿਡਨੀ ਨਾਲ ਸੰਬੰਧਿਤ ਬਿਮਾਰੀਆਂ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।

ਮਾਹਿਰਾਂ ਮੁਤਾਬਕ ਕਰੋਨਿਕ ਕਿਡਨੀ ਡਿਜ਼ੀਜ਼ (CKD) ਇੱਕ ਅਜਿਹੀ ਬੀਮਾਰੀ ਹੈ, ਜੋ ਹੌਲੀ-ਹੌਲੀ ਵਿਕਸਿਤ ਹੁੰਦੀ ਹੈ ਅਤੇ ਸ਼ੁਰੂਆਤੀ ਦੌਰ ਵਿੱਚ ਇਸ ਦੇ ਲੱਛਣ ਬਹੁਤ ਆਮ ਦਿਖਾਈ ਦਿੰਦੇ ਹਨ। ਇਹੀ ਕਾਰਨ ਹੈ ਕਿ ਜ਼ਿਆਦਾਤਰ ਲੋਕ ਇਸ ਨੂੰ ਸਮੇਂ ਸਿਰ ਪਛਾਣ ਨਹੀਂ ਸਕਦੇ। ਜਦੋਂ ਕਿਡਨੀ ਆਪਣੀ ਫਿਲਟਰ ਕਰਨ ਦੀ ਸਮਰੱਥਾ ਗੁਆਉਣ ਲੱਗਦੀ ਹੈ ਤਾਂ ਸਰੀਰ ਦੇ ਅੰਦਰ ਜ਼ਹਿਰੀਲੇ ਤੱਤ ਇਕੱਠੇ ਹੋਣ ਲੱਗਦੇ ਹਨ, ਜੋ ਦਿਲ, ਦਿਮਾਗ ਅਤੇ ਹੋਰ ਅੰਗਾਂ ਲਈ ਵੀ ਖ਼ਤਰਾ ਬਣ ਸਕਦੇ ਹਨ।

ਕਿਡਨੀ ਖਰਾਬ ਹੋਣ ਦੇ ਕੁਝ ਮੁੱਖ ਲੱਛਣਾਂ ਵਿੱਚ ਬੇਵਜ੍ਹਾ ਥਕਾਵਟ ਅਤੇ ਕਮਜ਼ੋਰੀ ਸ਼ਾਮਲ ਹਨ। ਕਿਡਨੀ ਦੀ ਸਮੱਸਿਆ ਕਾਰਨ ਖੂਨ ਦੀ ਕਮੀ ਹੋ ਸਕਦੀ ਹੈ, ਜਿਸ ਨਾਲ ਹਰ ਸਮੇਂ ਥਕਾਵਟ ਮਹਿਸੂਸ ਹੁੰਦੀ ਹੈ। ਇਸ ਤੋਂ ਇਲਾਵਾ ਰਾਤ ਨੂੰ ਵਾਰ-ਵਾਰ ਪਿਸ਼ਾਬ ਆਉਣਾ, ਪਿਸ਼ਾਬ ਵਿੱਚ ਝੱਗ ਬਣਨਾ ਜਾਂ ਖ਼ੂਨ ਆਉਣਾ ਵੀ ਗੰਭੀਰ ਸੰਕੇਤ ਹੋ ਸਕਦੇ ਹਨ। ਕਈ ਵਾਰ ਸਰੀਰ ਵਿੱਚ ਸੋਜ, ਖਾਸ ਕਰਕੇ ਅੱਖਾਂ ਦੇ ਹੇਠਾਂ, ਪੈਰਾਂ ਅਤੇ ਗਿੱਟਿਆਂ ਵਿੱਚ ਸੁਜਨ ਵੀ ਕਿਡਨੀ ਦੇ ਠੀਕ ਤਰ੍ਹਾਂ ਕੰਮ ਨਾ ਕਰਨ ਦੀ ਨਿਸ਼ਾਨੀ ਹੁੰਦੀ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਚਮੜੀ ਵਿੱਚ ਲਗਾਤਾਰ ਖਾਰਸ਼ ਰਹੇ, ਨੀਂਦ ਨਾ ਆਵੇ, ਭੁੱਖ ਘੱਟ ਲੱਗੇ ਜਾਂ ਮਾਸਪੇਸ਼ੀਆਂ ਵਿੱਚ ਖਿਚਾਅ ਮਹਿਸੂਸ ਹੋਵੇ ਤਾਂ ਇਸ ਨੂੰ ਆਮ ਸਮੱਸਿਆ ਸਮਝ ਕੇ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਸਮੇਂ ਸਿਰ ਜਾਂਚ ਅਤੇ ਸਹੀ ਇਲਾਜ ਨਾਲ ਕਿਡਨੀ ਦੀ ਬੀਮਾਰੀ ਨੂੰ ਕਾਫ਼ੀ ਹੱਦ ਤੱਕ ਕਾਬੂ ਕੀਤਾ ਜਾ ਸਕਦਾ ਹੈ। ਇਸ ਲਈ ਸਿਹਤਮੰਦ ਜੀਵਨਸ਼ੈਲੀ ਅਪਣਾਉਣਾ, ਵਧੇਰੇ ਪਾਣੀ ਪੀਣਾ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਨੂੰ ਕੰਟਰੋਲ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ।