ਨਿਊਜ਼ ਪੰਜਾਬ
6 ਮਈ 2026
ਦੁਨੀਆ ਭਰ ਦੇ ਲੋੜਵੰਦਾਂ ਦੀ ਨਿਸ਼ਕਾਮ ਸੇਵਾ, ਮਨੁੱਖਤਾ ਦੀ ਭਲਾਈ ਅਤੇ ਸੰਕਟ ਦੇ ਸਮੇਂ ਹਰ ਜ਼ਰੂਰਤਮੰਦ ਤੱਕ ਬਿਨਾਂ ਕਿਸੇ ਭੇਦਭਾਵ ਦੇ ਮਦਦ ਪਹੁੰਚਾਉਣ ਵਾਲੀ ਪ੍ਰਸਿੱਧ ਸੇਵਾ ਸੰਸਥਾ ‘ਖਾਲਸਾ ਏਡ’ ਨੂੰ ‘ਲਾਇਨ ਇੰਟਰਨੈਸ਼ਨਲ ਹਿਊਮੈਨਟੇਰੀਅਨ ਐਵਾਰਡ 2026’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਵਿਸ਼ੇਸ਼ ਐਵਾਰਡੀ ਸਨਮਾਨ ਨਾਲ ਸੰਸਥਾ ਨੂੰ 5 ਲੱਖ ਯੂ. ਐੱਸ. ਡਾਲਰ ਦੀ ਗ੍ਰਾਂਟ ਵੀ ਦਿੱਤੀ ਗਈ ਹੈ, ਜੋ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਨਿਸ਼ਕਾਮ ਯਤਨਾਂ ਦੀ ਵੱਡੀ ਕਦਰ ਅਤੇ ਸਨਮਾਨ ਦਾ ਪ੍ਰਤੀਕ ਹੈ।
ਖਾਲਸਾ ਏਡ ਦੇ ਟਰੱਸਟੀ ਅਮਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਵਿਸ਼ਵ ਪੱਧਰੀ ਸਨਮਾਨ ‘ਖਾਲਸਾ ਏਡ’ ਨਾਲ ਜੁੜੇ ਹਰ ਸੇਵਾਦਾਰ ਦੀ ਨਿਸ਼ਕਾਮ ਸੇਵਾ, ਸਮਰਪਣ ਅਤੇ ਮਨੁੱਖਤਾ ਪ੍ਰਤੀ ਵਚਨਬੱਧਤਾ ਦਾ ਸਨਮਾਨ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਹੰਗਰੀ ‘ਚ ਲਾਇਨ ਇੰਟਰਨੈਸ਼ਨਲ ਵੱਲੋਂ ਕਰਵਾਏ ਜਾਣ ਵਾਲੇ ਵਿਸ਼ੇਸ਼ ਸਮਾਗਮ ਦੌਰਾਨ ‘ਖਾਲਸਾ ਏਡ’ ਦੇ ਮੁੱਖ ਸੇਵਾਦਾਰ ਰਵਿੰਦਰ ਸਿੰਘ (ਰਵੀ ਸਿੰਘ) ਨੂੰ ਮਨੁੱਖਤਾ ਦੀ ਨਿਸ਼ਕਾਮ ਸੇਵਾ ਲਈ “ਲਾਇਨ ਇੰਟਰਨੈਸ਼ਨਲ ਹਿਊਮੈਨਟੇਰੀਅਨ ਐਵਾਰਡ 2026” ਨਾਲ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ।
