ਨਿਊਜ਼ ਪੰਜਾਬ
6 ਮਈ 2026
ਗੁਰੂ ਦੀ ਨਗਰੀ Amritsar ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਅਮਰੀਕਾ ਤੋਂ ਆਪਣੀ ਮਾਤਾ ਦੇ ਨਿਮਿੱਤ ਕਾਰਜਾਂ ਲਈ ਆਈ 65 ਸਾਲਾ ਐਨ.ਆਰ.ਆਈ ਮਹਿਲਾ ਅਨੀਤਾ ਕੌਰ ਨੂੰ ਉਸ ਦੀ ਹੀ ਪੁਰਾਣੀ ਜਾਣਕਾਰ ਵੱਲੋਂ ਕਥਿਤ ਤੌਰ ‘ਤੇ ਅਗਵਾ ਕਰ ਲਿਆ ਗਿਆ। ਦੋਸ਼ ਹੈ ਕਿ ਮੁਲਜ਼ਮ ਮਹਿਲਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਬਜ਼ੁਰਗ ਔਰਤ ਨੂੰ ਬੰਦੀ ਬਣਾ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਇੱਕ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਪੀੜਤਾ ਨੂੰ ਸੁਰੱਖਿਅਤ ਰੈਸਕਿਊ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਅਨੀਤਾ ਕੌਰ ਪਿਛਲੇ ਕਰੀਬ 40 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੀ ਹੈ ਅਤੇ ਉੱਥੇ ਅਧਿਆਪਕ ਵਜੋਂ ਸੇਵਾਮੁਕਤ ਹੋਈ ਸੀ। ਆਪਣੀ ਮਾਤਾ ਦੇ ਦੇਹਾਂਤ ਤੋਂ ਬਾਅਦ ਉਹ ਅੰਮ੍ਰਿਤਸਰ ਆਈ ਹੋਈ ਸੀ। ਇਸ ਦੌਰਾਨ ਉਸ ਦੀ ਪੁਰਾਣੀ ਜਾਣਕਾਰ ਰੁਪਿੰਦਰ ਕੌਰ ਸੰਧੂ ਨੇ ਉਸ ਨੂੰ ਡਰੀਮ ਸਿਟੀ ਸਥਿਤ ਆਪਣੇ ਘਰ ਬੁਲਾਇਆ। ਦੋਸ਼ ਹੈ ਕਿ ਉੱਥੇ ਪਹੁੰਚਦੇ ਹੀ ਅਨੀਤਾ ਕੌਰ ਨੂੰ ਕਮਰੇ ਵਿੱਚ ਬੰਦ ਕਰਕੇ ਉਸ ਨਾਲ ਕੁੱਟਮਾਰ ਕੀਤੀ ਗਈ। ਪੀੜਤਾ ਦੇ ਮੁਤਾਬਕ ਮੁਲਜ਼ਮਾਂ ਨੇ ਉਸ ਦਾ ਬੈਗ ਖੋਹ ਲਿਆ, ਸਿਰ ‘ਤੇ ਭਾਰੀ ਚੀਜ਼ਾਂ ਨਾਲ ਵਾਰ ਕੀਤੇ ਅਤੇ ਉਸ ਨੂੰ ਪਾਣੀ ਤੱਕ ਨਹੀਂ ਦਿੱਤਾ, ਹਾਲਾਂਕਿ ਉਹ ਡਾਇਬੀਟੀਜ਼ ਦੀ ਮਰੀਜ਼ ਹੈ।
ਅਨੀਤਾ ਕੌਰ ਨੇ ਦੱਸਿਆ ਕਿ ਮੁਲਜ਼ਮ ਉਸ ਤੋਂ ਇੱਕ ਕਰੋੜ ਰੁਪਏ ਦੀ ਫਿਰੌਤੀ ਵਸੂਲਣ ਦੀ ਯੋਜਨਾ ਬਣਾ ਰਹੇ ਸਨ। ਇਸ ਦੌਰਾਨ ਉਸ ਦਾ ਆਈਫੋਨ 16 ਪ੍ਰੋ, ਅਮਰੀਕੀ ਪਾਸਪੋਰਟ, ਓ.ਸੀ.ਆਈ ਕਾਰਡ, ਏ.ਟੀ.ਐੱਮ ਕਾਰਡ ਅਤੇ ਕਰੀਬ 25 ਤੋਂ 30 ਹਜ਼ਾਰ ਰੁਪਏ ਦੀ ਨਕਦੀ ਵੀ ਖੋਹ ਲਈ ਗਈ। ਮੌਕਾ ਮਿਲਣ ‘ਤੇ ਉਸ ਨੇ ਆਪਣੇ ਦੂਜੇ ਫੋਨ ਰਾਹੀਂ ਭਰਾ ਨੂੰ ਕਾਲ ਕਰਕੇ ਮਦਦ ਮੰਗੀ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਉਸ ਨੂੰ ਛੁਡਵਾਇਆ।
ਪੁਲਿਸ ਅਨੁਸਾਰ ਪੀੜਤਾ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਉਸ ਦੇ ਬਿਆਨ ਦਰਜ ਕਰ ਲਏ ਗਏ ਹਨ। ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਵਾਰਦਾਤ ਵਿੱਚ ਸ਼ਾਮਲ ਹੋਰ ਲੋਕਾਂ ਦੀ ਪਛਾਣ ਕੀਤੀ ਜਾ ਸਕੇ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
