Ranveer Singh ਅਤੇ Rohit Shetty ਨੂੰ ਮੁੜ ਧਮਕੀ, ਲਾਰੈਂਸ ਬਿਸ਼ਨੋਈ ਗੈਂਗਵੱਲੋਂ ਸਟਾਫ਼ ਨੂੰ ਨਿਸ਼ਾਨਾ ਬਣਾਉਣ ਦੀ ਚੇਤਾਵਨੀ

ਨਿਊਜ਼ ਪੰਜਾਬ

13 ਫ਼ਰਵਰੀ 2026

ਬਾਲੀਵੁੱਡ ਵਿੱਚ ਇੱਕ ਵਾਰ ਫਿਰ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਮਸ਼ਹੂਰ ਅਦਾਕਾਰ ਰਣਵੀਰ ਸਿੰਘ ਅਤੇ ਨਿਰਦੇਸ਼ਕ ਰੋਹਿਤ ਸ਼ੈੱਟੀ ਨੂੰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਦੁਬਾਰਾ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਵਾਰ ਗੈਂਗਸਟਰਾਂ ਨੇ ਸਿੱਧੇ ਤੌਰ ‘ਤੇ ਉਨ੍ਹਾਂ ਦੇ ਨਿੱਜੀ ਸਟਾਫ਼ ਅਤੇ ਮੈਨੇਜਰਾਂ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਕਹੀ ਹੈ।

ਮੁੰਬਈ ਕ੍ਰਾਈਮ ਬ੍ਰਾਂਚ ਅਨੁਸਾਰ, ਲਾਰੈਂਸ ਬਿਸ਼ਨੋਈ ਦੇ ਕਰੀਬੀ ਸਾਥੀ ਹੈਰੀ ਬਾਕਸਰ ਵੱਲੋਂ ਇੱਕ ਵੌਇਸ ਨੋਟ ਭੇਜਿਆ ਗਿਆ ਹੈ, ਜਿਸ ਵਿੱਚ ਕਿਹਾ ਗਿਆ, “ਸਾਨੂੰ ਸਭ ਪਤਾ ਹੈ ਕਿ ਤੁਹਾਡਾ ਸਟਾਫ਼ ਕਿੱਥੇ ਰਹਿੰਦਾ ਹੈ।” ਸੰਦੇਸ਼ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਟਾਫ਼ ਨੂੰ ਨਿਸ਼ਾਨਾ ਬਣਾਇਆ ਜਾਵੇਗਾ।

ਇਸ ਤੋਂ ਪਹਿਲਾਂ ਵਟਸਐਪ ਰਾਹੀਂ 1 ਕਰੋੜ ਰੁਪਏ ਦੀ ਫ਼ਿਰੌਤੀ ਦੀ ਮੰਗ ਕੀਤੀ ਗਈ ਸੀ। ਧਮਕੀਆਂ ਦੇ ਮੱਦੇਨਜ਼ਰ ਰਣਵੀਰ ਸਿੰਘ ਅਤੇ ਉਨ੍ਹਾਂ ਦੀ ਪਤਨੀ Deepika Padukone ਨੇ ਆਪਣੇ ਘਰ ਦੇ ਬਾਹਰ ਸੁਰੱਖਿਆ ਪ੍ਰਬੰਧ ਹੋਰ ਕੜੇ ਕਰ ਦਿੱਤੇ ਹਨ।

ਪੁਲਿਸ ਵੱਲੋਂ ਹੈਰੀ ਬਾਕਸਰ ਦੀ ਪਛਾਣ ਕਰ ਲਈ ਗਈ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋ ਰਹੀ ਹੈ ਅਤੇ ਅਦਾਕਾਰਾਂ ਦੇ ਨਾਲ ਨਾਲ ਉਨ੍ਹਾਂ ਦੇ ਸਟਾਫ਼ ਦੀ ਸੁਰੱਖਿਆ ਯਕੀਨੀ ਬਣਾਈ ਜਾ ਰਹੀ ਹੈ।

ਇੱਕ ਪਾਸੇ ਫ਼ਿਲਮ ‘ਧੁਰੰਧਰ’ ਦੀ ਸਫ਼ਲਤਾ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਅਤੇ ਦਰਸ਼ਕ ‘ਧੁਰੰਧਰ 2’ ਦੀ ਉਡੀਕ ਕਰ ਰਹੇ ਹਨ, ਦੂਜੇ ਪਾਸੇ ਇਸ ਤਾਜ਼ਾ ਧਮਕੀ ਨੇ ਇੰਡਸਟਰੀ ਵਿੱਚ ਚਿੰਤਾ ਦੀ ਲਹਿਰ ਦੌੜਾ ਦਿੱਤੀ ਹੈ।