ਅੰਤਰਰਾਸ਼ਟਰੀ ਤਣਾਅ ਦੇ ਚਲਦੇ ਪੰਜਾਬ ‘ਚ ਪ੍ਰੀਮੀਅਮ ਪੈਟਰੋਲ ਮਹਿੰਗਾ, 2 ਰੁਪਏ ਪ੍ਰਤੀ ਲੀਟਰ ਵਾਧਾ

ਨਿਊਜ਼ ਪੰਜਾਬ

20 ਮਾਰਚ 2026

ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਕਾਰ ਵਧ ਰਹੇ ਤਣਾਅ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਆਇਆ ਹੈ, ਜਿਸ ਦਾ ਸਿੱਧਾ ਅਸਰ ਭਾਰਤ ਸਮੇਤ ਪੰਜਾਬ ‘ਚ ਵੀ ਵੇਖਣ ਨੂੰ ਮਿਲ ਰਿਹਾ ਹੈ। ਤੇਲ ਕੰਪਨੀਆਂ ਨੇ ਪ੍ਰੀਮੀਅਮ ਪੈਟਰੋਲ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ, ਜੋ ਸ਼ੁੱਕਰਵਾਰ ਸਵੇਰੇ 6 ਵਜੇ ਤੋਂ ਲਾਗੂ ਹੋ ਗਿਆ ਹੈ।

ਮੁਹਾਲੀ ‘ਚ ਪਹਿਲਾਂ ਪ੍ਰੀਮੀਅਮ ਪੈਟਰੋਲ ਦੀ ਕੀਮਤ 105.12 ਰੁਪਏ ਪ੍ਰਤੀ ਲੀਟਰ ਸੀ, ਜੋ ਹੁਣ ਵਧ ਕੇ 107.13 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਵਾਧੇ ਨਾਲ ਖਾਸ ਕਰਕੇ ਉਨ੍ਹਾਂ ਵਾਹਨ ਮਾਲਕਾਂ ‘ਤੇ ਅਸਰ ਪਵੇਗਾ ਜੋ ਉੱਚ ਗੁਣਵੱਤਾ ਵਾਲਾ ਪ੍ਰੀਮੀਅਮ ਪੈਟਰੋਲ ਵਰਤਦੇ ਹਨ।

ਜ਼ਿਕਰਯੋਗ ਹੈ ਕਿ ਜੇਕਰ ਅੰਤਰਰਾਸ਼ਟਰੀ ਪੱਧਰ ‘ਤੇ ਤਣਾਅ ਜਾਰੀ ਰਹਿੰਦਾ ਹੈ ਤਾਂ ਆਉਣ ਵਾਲੇ ਸਮੇਂ ‘ਚ ਹੋਰ ਵਾਧਾ ਵੀ ਸੰਭਵ ਹੈ। ਇਸ ਦੇ ਨਾਲ ਹੀ ਆਮ ਲੋਕਾਂ ‘ਤੇ ਮਹਿੰਗਾਈ ਦਾ ਬੋਝ ਹੋਰ ਵਧਣ ਦੀ ਸੰਭਾਵਨਾ ਹੈ, ਕਿਉਂਕਿ ਤੇਲ ਦੀਆਂ ਕੀਮਤਾਂ ਵਿਚ ਵਾਧਾ ਆਵਾਜਾਈ ਅਤੇ ਲੋਜਿਸਟਿਕਸ ਖਰਚੇ ਨੂੰ ਪ੍ਰਭਾਵਿਤ ਕਰਦਾ ਹੈ। ਤੇਲ ਮਹਿੰਗਾ ਹੋਣ ਨਾਲ ਵਪਾਰੀ ਵਰਗ ‘ਤੇ ਵੀ ਇਸਦਾ ਅਸਰ ਪਵੇਗਾ, ਕਿਉਂਕਿ ਸਮਾਨ ਦੀ ਢੁਆਈ ਮਹਿੰਗੀ ਹੋ ਜਾਵੇਗੀ, ਜਿਸ ਦਾ ਸਿੱਧਾ ਅਸਰ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਦੀਆਂ ਕੀਮਤਾਂ ‘ਤੇ ਪੈ ਸਕਦਾ ਹੈ।