ਨਿਊਜ਼ ਪੰਜਾਬ
27 ਅਕਤੂਬਰ,2026
ਅੰਮ੍ਰਿਤਸਰ ਸ਼ਹਿਰ ਦੇ ਬਾਨੀ ਅਤੇ ਸਿੱਖ ਧਰਮ ਦੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਅੱਜ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਪਾਵਨ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਲਾਂ ਅਤੇ ਦੀਪਮਾਲਾ ਨਾਲ ਵਿਸ਼ੇਸ਼ ਸਜਾਵਟ ਕੀਤੀ ਗਈ ਹੈ। ਸਵੇਰ ਤੋਂ ਹੀ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਘਰ ਵਿਖੇ ਨਤਮਸਤਕ ਹੋ ਰਹੀਆਂ ਹਨ। ਇਸ ਮੌਕੇ ਗੁਰਬਾਣੀ ਕੀਰਤਨ, ਕਥਾ-ਵਿਚਾਰ, ਧਾਰਮਿਕ ਦੀਵਾਨ ਅਤੇ ਕਵੀ ਸਮਾਗਮ ਕਰਵਾਏ ਜਾ ਰਹੇ ਹਨ। ਰਾਤ ਨੂੰ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਦੀਪਮਾਲਾ ਅਤੇ ਅਲੌਕਿਕ ਆਤਿਸ਼ਬਾਜ਼ੀ ਹੋਵੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਪਣਾਉਣ ਅਤੇ ਨਿਸ਼ਕਾਮ ਸੇਵਾ, ਨਿਮਰਤਾ, ਸਿਮਰਨ ਤੇ ਪਰਉਪਕਾਰ ਦੇ ਮਾਰਗ ‘ਤੇ ਚੱਲਣ ਦੀ ਅਪੀਲ ਕੀਤੀ ਗਈ ਹੈ।
