ਨਿਊਜ਼ ਪੰਜਾਬ
20 ਮਾਰਚ 2026
ਆਨਲਾਈਨ ਫੂਡ ਆਰਡਰ ਕਰਨ ਵਾਲੇ ਗਾਹਕਾਂ ਲਈ ਇੱਕ ਵੱਡਾ ਝਟਕਾ ਸਾਹਮਣੇ ਆਇਆ ਹੈ ਕਿਉਂਕਿ ਜ਼ੂਮੈਟੋ ਨੇ ਆਪਣੀ ਪਲੇਟਫਾਰਮ ਫੀਸ ਵਿੱਚ ਵਾਧਾ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਫੀਸ ਹੁਣ 12.50 ਰੁਪਏ ਤੋਂ ਵਧਾ ਕੇ 14.90 ਰੁਪਏ ਕਰ ਦਿੱਤੀ ਗਈ ਹੈ, ਜੋ ਲਗਭਗ 19 ਫੀਸਦੀ ਦਾ ਵਾਧਾ ਹੈ। ਮਿਡਲ ਈਸਟ ਵਿੱਚ ਚੱਲ ਰਹੇ ਜੰਗੀ ਹਾਲਾਤਾਂ ਕਾਰਨ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਇਸ ਵਾਧੇ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਹ ਪਲੇਟਫਾਰਮ ਫੀਸ ਰੈਸਟੋਰੈਂਟ ਦੇ ਖਾਣੇ ਦੀ ਕੀਮਤ, ਡਿਲਿਵਰੀ ਚਾਰਜ ਅਤੇ ਜੀਐਸਟੀ ਤੋਂ ਇਲਾਵਾ ਲੱਗੇਗੀ, ਜਿਸ ਨਾਲ ਕੁੱਲ ਖਰਚ ਹੋਰ ਵੱਧੇਗਾ। ਨਵੀਆਂ ਦਰਾਂ 20 ਮਾਰਚ ਤੋਂ ਲਾਗੂ ਹੋ ਚੁੱਕੀਆਂ ਹਨ, ਜਿਸ ਨਾਲ ਆਨਲਾਈਨ ਖਾਣਾ ਮੰਗਵਾਉਣਾ ਹੁਣ ਗਾਹਕਾਂ ਲਈ ਪਹਿਲਾਂ ਨਾਲੋਂ ਮਹਿੰਗਾ ਹੋ ਗਿਆ ਹੈ।
