ਟਟਹਿਰੀ’ ਗਾਣੇ ਦੇ ਵਿਵਾਦ ‘ਚ ਬਾਦਸ਼ਾਹ ਲਈ ਗ੍ਰਿਫਤਾਰੀ ਦੇ ਹੁਕਮ, ਮਹਿਲਾ ਕਮਿਸ਼ਨ ਨੇ ਪਾਸਪੋਰਟ ਜ਼ਬਤ ਕਰਨ ਦੀ ਵੀ ਦਿੱਤੀ ਹਦਾਇਤ

ਨਿਊਜ਼ ਪੰਜਾਬ

13 ਮਾਰਚ,2026

ਹਰਿਆਣਾ ਮਹਿਲਾ ਕਮਿਸ਼ਨ ਨੇ ‘ਟਟਹਿਰੀ’ ਗਾਣੇ ਦੇ ਵਿਵਾਦ ਦੇ ਮਾਮਲੇ ਵਿੱਚ ਬਾਲੀਵੁੱਡ ਗਾਇਕ-ਰੈਪਰ ਬਾਦਸ਼ਾਹ ਦੇ ਖ਼ਿਲਾਫ਼ ਸਖ਼ਤ ਰੁਖ ਅਪਣਾਉਂਦੇ ਹੋਏ ਉਸ ਦੀ ਗ੍ਰਿਫਤਾਰੀ ਦੇ ਹੁਕਮ ਜਾਰੀ ਕਰ ਦਿੱਤੇ ਹਨ। ਸੰਮਨ ਜਾਰੀ ਹੋਣ ਦੇ ਬਾਵਜੂਦ ਬਾਦਸ਼ਾਹ ਅੱਜ ਪਾਣੀਪਤ ਵਿੱਚ ਪੇਸ਼ ਨਹੀਂ ਹੋਇਆ। ਉਸ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਪੇਸ਼ੇਵਰ ਵਚਨਬੱਧਤਾਵਾਂ ਕਾਰਨ ਉਹ ਹਾਜ਼ਰ ਨਹੀਂ ਹੋ ਸਕਿਆ ਅਤੇ ਕਮਿਸ਼ਨ ਤੋਂ ਹੋਰ ਸਮਾਂ ਦੇਣ ਦੀ ਮੰਗ ਕੀਤੀ।

ਇਸ ‘ਤੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਨਾਰਾਜ਼ ਹੋ ਗਈਆਂ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਬਾਦਸ਼ਾਹ ਦੁਪਹਿਰ 3 ਵਜੇ ਤੱਕ ਪੇਸ਼ ਨਾ ਹੋਇਆ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਪੰਚਕੂਲਾ ਅਤੇ ਪਾਣੀਪਤ ਦੇ ਐਸਪੀ ਨੂੰ ਬਾਦਸ਼ਾਹ ਨੂੰ ਗ੍ਰਿਫਤਾਰ ਕਰਨ ਅਤੇ ਉਸ ਦਾ ਪਾਸਪੋਰਟ ਜ਼ਬਤ ਕਰਨ ਦੇ ਨਿਰਦੇਸ਼ ਵੀ ਦਿੱਤੇ ਤਾਂ ਜੋ ਉਹ ਦੇਸ਼ ਛੱਡ ਕੇ ਨਾ ਜਾ ਸਕੇ। ਦੱਸਣਯੋਗ ਹੈ ਕਿ 1 ਮਾਰਚ 2026 ਨੂੰ ਰਿਲੀਜ਼ ਹੋਏ ਬਾਦਸ਼ਾਹ ਦੇ ਗੀਤ ‘ਟਟਹਿਰੀ’ ਦੇ ਕੁਝ ਬੋਲਾਂ ਅਤੇ ਦ੍ਰਿਸ਼ਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ, ਜਿਸ ਤੋਂ ਬਾਅਦ ਪੰਚਕੂਲਾ ਪੁਲਿਸ ਨੇ ਇਹ ਗੀਤ ਯੂਟਿਊਬ ਤੋਂ ਹਟਵਾ ਦਿੱਤਾ ਸੀ। ਵਿਵਾਦ ਤੋਂ ਬਾਅਦ ਬਾਦਸ਼ਾਹ ਨੇ ਇੱਕ ਵੀਡੀਓ ਜਾਰੀ ਕਰਕੇ ਲੋਕਾਂ ਤੋਂ ਮਾਫ਼ੀ ਵੀ ਮੰਗੀ ਸੀ।