ਸਤਲੋਕ ਆਸ਼ਰਮ ਮੁਖੀ ਰਾਮਪਾਲ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਦੇਸ਼ਧ੍ਰੋਹ ਮਾਮਲੇ ਵਿੱਚ ਮਿਲੀ ਜ਼ਮਾਨਤ

ਨਿਊਜ਼ ਪੰਜਾਬ

8 ਅਪ੍ਰੈਲ ,2026

ਸਤਲੋਕ ਆਸ਼ਰਮ ਦੇ ਮੁਖੀ ਰਾਮਪਾਲ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਵੱਡੀ ਰਾਹਤ ਮਿਲੀ ਹੈ। ਦੇਸ਼ਧ੍ਰੋਹ ਦੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਰਾਮਪਾਲ ਨੂੰ ਜ਼ਮਾਨਤ ਮਿਲ ਗਈ ਹੈ। ਉਹ ਪਿਛਲੇ 11 ਸਾਲ 4 ਮਹੀਨੇ ਅਤੇ 20 ਦਿਨ ਤੋਂ ਹਿਸਾਰ ਜੇਲ੍ਹ ਵਿੱਚ ਬੰਦ ਸੀ ਅਤੇ ਹੁਣ ਉਸਦੀ ਰਿਹਾਈ ਦਾ ਰਾਹ ਸਾਫ ਹੋ ਗਿਆ ਹੈ। ਜੇਲ੍ਹ ਪ੍ਰਸ਼ਾਸਨ ਮੁਤਾਬਕ ਹਾਈਕੋਰਟ ਦੇ ਆਰਡਰ ਸਬੰਧਤ ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਬਾਂਡ ਭਰੇ ਜਾਣਗੇ ਅਤੇ ਫਿਰ ਰਿਹਾਈ ਦੀ ਕਾਰਵਾਈ ਪੂਰੀ ਕੀਤੀ ਜਾਵੇਗੀ।

ਦੱਸਣਯੋਗ ਹੈ ਕਿ ਰਾਮਪਾਲ ਨੂੰ 19 ਨਵੰਬਰ 2014 ਨੂੰ ਹਿਸਾਰ ਦੇ ਬਰਵਾਲਾ ਸਥਿਤ ਸਤਲੋਕ ਆਸ਼ਰਮ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਅਦਾਲਤੀ ਹੁਕਮਾਂ ਦੀ ਅਣਗਹਿਲੀ ਤੋਂ ਬਾਅਦ ਪੁਲਿਸ ਕਾਰਵਾਈ ਦੌਰਾਨ ਸਮਰਥਕਾਂ ਨਾਲ ਝੜਪ ਹੋਈ ਸੀ, ਜਿਸ ਵਿੱਚ 5 ਮਹਿਲਾਵਾਂ ਅਤੇ ਡੇਢ ਸਾਲ ਦੇ ਬੱਚੇ ਦੀ ਮੌਤ ਹੋ ਗਈ ਸੀ। ਇਸ ਘਟਨਾ ਦੇ ਆਧਾਰ ‘ਤੇ ਉਸ ‘ਤੇ ਦੇਸ਼ਧ੍ਰੋਹ ਸਮੇਤ ਗੰਭੀਰ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਸੀ।