ਨਿਊਜ਼ ਪੰਜਾਬ
13 ਮਾਰਚ 2026
ਚੰਡੀਗੜ੍ਹ ਪੁਲਿਸ ਨੇ ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਇਕ ਨੌਜਵਾਨ ਨੂੰ 85 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸੁਨੀਲ ਵਰਮਾ ਉਰਫ਼ ਬਾਬੂ (27) ਵਾਸੀ ਈ.ਡਬਲਯੂ.ਐਸ. ਕਾਲੋਨੀ, ਚੰਡੀਗੜ੍ਹ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ 12 ਮਾਰਚ ਨੂੰ ਕਰੀਬ ਦੁਪਹਿਰ 12:35 ਵਜੇ ਥਾਣਾ ਮਲੋਆ ਦੇ ਏ.ਐੱਸ.ਆਈ. ਮੰਗਤ ਸਿੰਘ ਪੁਲਿਸ ਪਾਰਟੀ ਸਮੇਤ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਈ.ਡਬਲਯੂ.ਐਸ. ਕਾਲੋਨੀ ਦੇ ਇਕ ਮਕਾਨ ਨੇੜੇ ਇਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਦੇ ਕਬਜ਼ੇ ਵਿਚੋਂ 85 ਗ੍ਰਾਮ ਹੈਰੋਇਨ ਬਰਾਮਦ ਹੋਈ। ਮੌਕੇ ’ਤੇ ਮੋਬਾਈਲ ਫੋਰੇਂਸਿਕ ਟੀਮ ਨੂੰ ਬੁਲਾਇਆ ਗਿਆ ਅਤੇ ਬਰਾਮਦ ਨਸ਼ੀਲੇ ਪਦਾਰਥ ਨੂੰ ਕਾਨੂੰਨੀ ਕਾਰਵਾਈ ਅਧੀਨ ਕਬਜ਼ੇ ਵਿੱਚ ਲਿਆ ਗਿਆ। ਇਸ ਸੰਬੰਧੀ ਥਾਣਾ ਮਲੋਆ ਵਿਖੇ ਐਨ.ਡੀ.ਪੀ.ਐੱਸ. ਐਕਟ ਦੀ ਧਾਰਾ 21 ਹੇਠ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਹੈਰੋਇਨ ਮਲਖਾਨੇ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਹੈ। ਪੁਲਿਸ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਇਹ ਹੈਰੋਇਨ ਪੰਜਾਬ ਦੇ ਸਰਹੱਦੀ ਇਲਾਕਿਆਂ ਤੋਂ ਲਿਆ ਕੇ ਟ੍ਰਾਈਸਿਟੀ ਖੇਤਰ ਵਿੱਚ ਰਿਟੇਲ ਪੱਧਰ ’ਤੇ ਸਪਲਾਈ ਕਰਦਾ ਸੀ। ਪੁਲਿਸ ਅਨੁਸਾਰ ਮੁਲਜ਼ਮ ਪਹਿਲਾਂ ਵੀ ਕੁਝ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਰਹਿ ਚੁੱਕਾ ਹੈ ਅਤੇ ਇਸ ਗਿਰੋਹ ਨਾਲ ਜੁੜੇ ਹੋਰ ਲੋਕਾਂ ਦੀ ਭਾਲ ਲਈ ਜਾਂਚ ਜਾਰੀ ਹੈ।
