ਨਿਊਜ਼ ਪੰਜਾਬ
13 ਮਾਰਚ 2026
ਮੋਗਾ ਦੇ ਕਿਸ਼ਨਪੁਰਾ ਮੁਹੱਲੇ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ 3 ਸਾਲ ਦੇ ਇੱਕ ਬੱਚੇ ਦੇ ਪੇਟ ਵਿੱਚ ਗੋਲੀ ਲੱਗ ਗਈ। ਮਿਲੀ ਜਾਣਕਾਰੀ ਮੁਤਾਬਕ ਬੱਚਾ ਨਰਸਰੀ ਦਾ ਵਿਦਿਆਰਥੀ ਸੀ ਜੋ ਪੇਪਰ ਦੇਣ ਤੋਂ ਬਾਅਦ ਸਕੂਲ ਤੋਂ ਘਰ ਵਾਪਸ ਆਇਆ ਸੀ। ਘਰ ਵਿੱਚ ਮੌਜੂਦ ਨਿੱਜੀ ਸੁਰੱਖਿਆ ਗਾਰਡ ਦੀ ਰਾਈਫਲ ਨਾਲ ਖੇਡਦੇ ਸਮੇਂ ਅਚਾਨਕ ਗੋਲੀ ਚੱਲ ਗਈ, ਜੋ ਬੱਚੇ ਦੇ ਪੇਟ ਵਿੱਚ ਲੱਗ ਗਈ।
ਗੰਭੀਰ ਰੂਪ ਵਿੱਚ ਜ਼ਖ਼ਮੀ ਬੱਚੇ ਨੂੰ ਤੁਰੰਤ ਇਲਾਜ ਲਈ ਸਥਾਨਕ ਮੈਡੀਸਿਟੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਵੱਲੋਂ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਨਿੱਜੀ ਸੁਰੱਖਿਆ ਗਾਰਡ ਮੌਕੇ ਤੋਂ ਫਰਾਰ ਹੋ ਗਿਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
