ਮੋਹਾਲੀ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸਮਿਟ ਦੀ ਸ਼ੁਰੂਆਤ, ₹27,294 ਕਰੋੜ ਦੇ ਨਿਵੇਸ਼ ਨਾਲ ਹਜ਼ਾਰਾਂ ਨੌਕਰੀਆਂ ਦੀ ਉਮੀਦ

ਨਿਊਜ਼ ਪੰਜਾਬ

13 ਮਾਰਚ 2026

ਪੰਜਾਬ ਸਰਕਾਰ ਦਾ ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸਮਿਟ ਅੱਜ 13 ਮਾਰਚ ਨੂੰ ਮੋਹਾਲੀ ਵਿੱਚ ਸ਼ੁਰੂ ਹੋ ਗਿਆ ਹੈ। ਤਿੰਨ ਦਿਨਾਂ ਚੱਲਣ ਵਾਲੇ ਇਸ ਸੰਮੇਲਨ ਵਿੱਚ ਪੰਜਾਬ ਦੇ ਨਾਲ-ਨਾਲ ਵੱਖ-ਵੱਖ ਦੇਸ਼ਾਂ ਦੇ ਕਾਰੋਬਾਰੀ ਵੀ ਹਿੱਸਾ ਲੈ ਰਹੇ ਹਨ। ਮੋਹਾਲੀ ਦੇ ਆਈਟੀ ਸਿਟੀ ਵਿੱਚ ਸਥਿਤ ਪਲਾਕਸ਼ਾ ਯੂਨੀਵਰਸਿਟੀ ਵਿਖੇ ਹੋ ਰਹੇ ਇਸ ਸਮਾਗਮ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ। ਸਰਕਾਰ ਦਾ ਟੀਚਾ ਨਿਵੇਸ਼ ਨੂੰ ਉਤਸ਼ਾਹਿਤ ਕਰਕੇ ਨੌਜਵਾਨਾਂ ਲਈ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ, ਜਿਸ ਲਈ ਹਾਲ ਹੀ ਵਿੱਚ ਨਵੀਂ ਉਦਯੋਗਿਕ ਨੀਤੀ ਵੀ ਜਾਰੀ ਕੀਤੀ ਗਈ ਹੈ। ਸੰਮੇਲਨ ਦੌਰਾਨ 89 ਸੈਸ਼ਨ ਆਯੋਜਿਤ ਕੀਤੇ ਜਾ ਰਹੇ ਹਨ ਅਤੇ ਯੂਕੇ, ਜਾਪਾਨ ਅਤੇ ਦੱਖਣੀ ਕੋਰੀਆ ਵਰਗੇ ਦੇਸ਼ਾਂ ਲਈ ਵਿਸ਼ੇਸ਼ ਸੈਸ਼ਨ ਵੀ ਰੱਖੇ ਗਏ ਹਨ। ਇੱਥੇ 30 ਵੱਡੇ ਪ੍ਰੋਜੈਕਟ ਪ੍ਰਦਰਸ਼ਿਤ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਕੁੱਲ ਨਿਵੇਸ਼ ਕਰੀਬ ₹27,294 ਕਰੋੜ ਹੈ ਅਤੇ ਇਨ੍ਹਾਂ ਰਾਹੀਂ ਲਗਭਗ 47,067 ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਇਨ੍ਹਾਂ ਵਿੱਚ ਲੁਧਿਆਣਾ ਵਿੱਚ ਟਾਟਾ ਸਟੀਲ ਦਾ ਪ੍ਰਾਜੈਕਟ ਅਤੇ ਮੋਹਾਲੀ ਵਿੱਚ ਇਨਫੋਸੀ ਦੇ ₹286 ਕਰੋੜ ਦੇ ਵਿਸਥਾਰ ਪ੍ਰਾਜੈਕਟ ਵੀ ਸ਼ਾਮਲ ਹਨ।