ਇਜ਼ਰਾਈਲ–ਈਰਾਨ ਜੰਗ ਦਾ ਪੰਜਾਬ ‘ਤੇ ਵੱਡਾ ਅਸਰ: ਅੰਮ੍ਰਿਤਸਰ ਤੇ ਚੰਡੀਗੜ੍ਹ ਤੋਂ ਮਿਡਲ ਈਸਟ ਉਡਾਣਾਂ ਰੱਦ, ਸੈਂਕੜੇ ਪੰਜਾਬੀ ਫਸੇ

ਨਿਊਜ਼ ਪੰਜਾਬ

1 ਮਾਰਚ 2026

ਇਜ਼ਰਾਈਲ–ਈਰਾਨ ਜੰਗ ਦੇ ਤਣਾਅਪੂਰਨ ਹਾਲਾਤਾਂ ਦਾ ਸਿੱਧਾ ਅਸਰ ਹੁਣ ਪੰਜਾਬ ‘ਤੇ ਵੀ ਨਜ਼ਰ ਆ ਰਿਹਾ ਹੈ। ਮਿਡਲ ਈਸਟ ਵਿੱਚ ਰਹਿੰਦੇ ਕਈ ਪੰਜਾਬੀ ਉਥੇ ਫਸੇ ਹੋਏ ਹਨ ਅਤੇ ਮਦਦ ਲਈ ਗੁਹਾਰ ਲਗਾ ਰਹੇ ਹਨ। ਜੰਗ ਦੇ ਖੌਫ ਕਾਰਨ ਕਈ ਦੇਸ਼ਾਂ ਦੇ ਏਅਰਸਪੇਸ ਅਸਥਾਈ ਤੌਰ ‘ਤੇ ਬੰਦ ਕਰ ਦਿੱਤੇ ਗਏ ਹਨ, ਜਿਸ ਕਰਕੇ ਉਡਾਣਾਂ ਰੱਦ ਹੋ ਰਹੀਆਂ ਹਨ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਦੁਬਈ ਜਾਣ ਵਾਲੀ ਸ਼ਾਮ 4:50 ਵਜੇ ਦੀ ਉਡਾਣ ਰੱਦ ਕਰ ਦਿੱਤੀ ਗਈ, ਜਦਕਿ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਤੋਂ ਮਿਡਲ ਈਸਟ ਵੱਲ ਜਾਣ ਵਾਲੀਆਂ ਕਈ ਉਡਾਣਾਂ ਵੀ ਕੈਂਸਲ ਹੋ ਗਈਆਂ ਹਨ। ਏਅਰਪੋਰਟਾਂ ‘ਤੇ ਸੈਂਕੜੇ ਯਾਤਰੀ ਪ੍ਰੇਸ਼ਾਨ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਡਿਪਲੋਮੈਟਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਈਰਾਨ ਅਤੇ ਇਜ਼ਰਾਈਲ ਵਿੱਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਵਾਪਸ ਲਿਆਂਦਾ ਜਾਵੇ, ਪਰ ਮੌਜੂਦਾ ਹਾਲਾਤਾਂ ਕਾਰਨ ਸਥਿਤੀ ਕਾਫ਼ੀ ਗੰਭੀਰ ਬਣੀ ਹੋਈ ਹੈ।