ਝੂਠ ਦੀ ਕਾਲੀ ਰਾਤ ਨੂੰ ਚੀਰ ਕੇ ਸੱਚ ਦਾ ਸੂਰਜ ਪ੍ਰਗਟ ਹੋਇਆ-ਵਿਧਾਇਕ ਕੁਲਵੰਤ ਸਿੰਘ ਸਿੱਧੂ 

ਨਿਊਜ਼ ਪੰਜਾਬ

ਲੁਧਿਆਣਾ 27 ਫਰਵਰੀ 2026

ਝੂਠ ਅਤੇ ਫਰੇਬ ਦੀ ਕਾਲੀ ਬੋਲੀ ਰਾਤ ਲੰਬੀ ਜਰੂਰ ਹੋ ਸਕਦੀ ਹੈ, ਪ੍ਰੰਤੂ ਉਹ ਸੱਚ ਦੇ ਸੂਰਜ ਨੂੰ ਪ੍ਰਗਟ ਹੋਣ ਤੋਂ ਰੋਕ ਨਹੀਂ ਸਕਦੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਆਤਮ ਨਗਰ ਤੋਂ ਵਿਧਾਇਕ ਸਰਦਾਰ ਕੁਲਵੰਤ ਸਿੰਘ ਸਿੱਧੂ ਨੇ ਆਪਣੇ ਦਫਤਰ ਗਿੱਲ ਰੋਡ ਦੇ ਬਾਹਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਸੋਦੀਆ ਸਮੇਤ ਸਾਰੇ ਹੀ ਬੇਗੁਨਾਹਾਂ ਨੂੰ ਮਾਣਯੋਗ ਅਦਾਲਤ ਵੱਲੋਂ ਬਾ ਇੱਜਤ ਬਰੀ ਕਰਨ ਉੱਤੇ ਵਰਕਰਾਂ ਨਾਲ ਇਲਾਕਾ ਨਿਵਾਸੀਆਂ ਨੂੰ ਲੱਡੂ ਵੰਡ ਕੇ ਖੁਸ਼ੀ ਮਨਾਉਂਦਿਆਂ ਕੀਤਾ। ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਵੱਲੋਂ ਆਪ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਇੰਚਾਰਜ ਸ੍ਰੀ ਮਨੀਸ਼ ਸੁਸ਼ੋਦੀਆ ਉੱਤੇ ਗਲਤ ਤਰੀਕੇ ਨਾਲ ਝੂਠਾ ਮੁਕਦਮਾ ਦਰਜ ਕਰਕੇ ਉਹਨਾਂ ਨੂੰ ਬੇਗੁਨਾਹ ਤੇ ਸੱਚੇ ਹੋਣ ਦੇ ਬਾਵਜੂਦ ਜੇਲ ਦੀ ਚਾਰ ਦੀਵਾਰੀ ਅੰਦਰ ਬੰਦ ਕੀਤਾ ਅਤੇ ਇਹ ਪੂਰਾ ਜ਼ੋਰ ਲਵਾਇਆ ਕਿ ਸਾਡੇ ਝੂਠ ਨੂੰ ਸੱਚ ਮੰਨ ਕੇ ਅਦਾਲਤਾਂ ਇਹਨਾਂ ਉੱਤੇ ਕਾਰਵਾਈ ਕਰਨ ਪ੍ਰੰਤੂ ਮਾਣਯੋਗ ਅਦਾਲਤਾਂ ਨੇ ਇੱਕ ਵਾਰ ਫੇਰ ਭਾਰਤ ਵਾਸੀਆਂ ਦੀਆਂ ਉਮੀਦਾਂ ਉੱਤੇ ਖਰਾ ਉਤਰਦੇ ਹੋਏ ਸ੍ਰੀ ਅਰਵਿੰਦ ਕੇਜਰੀਵਾਲ ਸਮੇਤ ਸਾਰੇ ਹੀ ਬੇਗੁਨਾਹ ਲੋਕਾਂ ਨੂੰ ਬਾ ਇੱਜਤ ਬਰੀ ਕਰਕੇ ਕੇਂਦਰ ਦੀ ਸਰਕਾਰ ਦੇ ਝੂਠ ਦਾ ਪੁਲੰਦਾ ਪਾੜ ਦਿੱਤਾ ਹੈ। ਵਿਧਾਇਕ ਸਿੱਧੂ ਨੇ ਕਿਹਾ ਕਿ ਸਾਡੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਸ਼ੋਧੀਆ ਦੇ ਬਾਇੱਜ਼ਤ ਬਰੀ ਹੋਣ ਨਾਲ ਜਿੱਥੇ ਸੱਚ ਦੀ ਜਿੱਤ ਹੋਈ ਹੈ ਉੱਥੇ ਹੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਪਰਚਮ ਉੱਚਾ ਹੋਇਆ ਹੈ ਅਤੇ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਆਪਣੇ ਮਾੜੇ ਮਨਸੂਬਿਆਂ ਨੂੰ ਪੂਰਾ ਕਰਨ ਦੀ ਖਾਤਰ ਕਿਸ ਹੱਦ ਤੱਕ ਜਾ ਸਕਦੀ ਹੈ। ਉਹਨਾਂ ਕਿਹਾ ਕਿ ਜਿੱਥੇ ਅਦਾਲਤ ਦੇ ਇਸ ਹੁਕਮ ਨਾਲ ਬੀਜੇਪੀ ਸਰਕਾਰ ਦਾ ਝੂਠਾ ਮਖੌਠਾ ਉਤਰਿਆ ਹੈ, ਉੱਥੇ ਹੀ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਸੱਚ ਵਾਲੇ ਸਰਟੀਫਿਕੇਟ ਉੱਤੇ ਪੱਕੀ ਮੋਹਰ ਲੱਗੀ ਹੈ ਅਤੇ ਇਹੀ ਮੋਹਰ ਨੂੰ ਵੋਟਾਂ ਦੇ ਰੂਪ ਵਿੱਚ ਪੰਜਾਬ ਦੇ ਵੋਟਰ 2027 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੁਬਾਰਾ ਬਹੁਮਤ ਨਾਲ ਜਿਤਾ ਕੇ ਪੱਕਾ ਕਰਨਗੇ।