ਬਠਿੰਡਾ ਵਿੱਚ ਪਟਵਾਰੀ 10 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

ਨਿਊਜ਼ ਪੰਜਾਬ

27 ਫ਼ਰਵਰੀ 2026

ਬਠਿੰਡਾ ਵਿੱਚ ਇਕ ਪਟਵਾਰੀ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਕੋਲ ਗਗਨਦੀਪ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਤਾਏ ਦੀ ਮੌਤ ਹੋਣ ਉਪਰੰਤ ਵਿਰਾਸਤ ਇੰਤਕਾਲ ਉਸ ਦੀ ਤਾਈ ਅਤੇ ਉਸ ਦੀਆਂ ਲੜਕੀਆਂ ਦੇ ਨਾਂ ਕਰਵਾਉਣ ਲਈ ਉਹ ਸੰਬੰਧਤ ਪਟਵਾਰੀ ਦੇ ਹਾੜੇ ਕੱਢ ਕੇ ਥੱਕ ਚੁੱਕੇ ਹਨ ਪਰ ਉਹ ਮੋਟੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਬੁਲਾਰੇ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ ‘ਤੇ ਅੱਜ ਬਠਿੰਡਾ ਦੇ ਪਟਵਾਰਖਾਨੇ ਵਿਚ ਜਾਲ ਵਿਛਾਇਆ ਗਿਆ ਤੇ ਪਟਵਾਰੀ ਮਨਜੋਤ ਸਿੰਘ ਹਲਕਾ ਕੋਟਸ਼ਮੀਰ-1 ਨੂੰ ਰਿਸ਼ਵਤ ਦੇ 10 ਹਜ਼ਾਰ ਰੁਪਏ ਲੈਂਦੇ ਸਮੇਂ ਗ੍ਰਿਫਤਾਰ ਕਰ ਲਿਆ। ਉਸ ਦੇ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।