ਨਿਊਜ਼ ਪੰਜਾਬ
14 ਨਵੰਬਰ ,2025
ਤਰਨਤਾਰਨ ਜ਼ਿਮਨੀ ਚੋਣਾਂ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਇਤਿਹਾਸਕ ਜਿੱਤ ਨਾਲ ਸਾਰੇ ਪੰਜਾਬ ‘ਚ ਖੁਸ਼ੀ ਦੀ ਲਹਿਰ ਦੌੜ ਗਈ। ਨਤੀਜੇ ਆਉਂਦੇ ਹੀ ਵਰਕਰਾਂ ਨੇ ਢੋਲ-ਨਗਾੜਿਆਂ ਨਾਲ ਜਿੱਤ ਦਾ ਜਸ਼ਨ ਮਨਾਇਆ। ਇਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਹ ਜਿੱਤ ਲੋਕਾਂ ਦੇ ਭਰੋਸੇ ਦੀ ਜਿੱਤ ਹੈ।
ਕੈਬਿਨਟ ਮੰਤਰੀ ਨੇ ਕਿਹਾ ਕਿ ਤਰਨਤਾਰਨ ਦੀ ਸੂਝਵਾਨ ਜਨਤਾ ਨੇ ਵਿਕਾਸ, ਇਮਾਨਦਾਰੀ ਅਤੇ ਸਾਫ-ਸੁਥਰੀ ਰਾਜਨੀਤੀ ‘ਤੇ ਮੁਹਰ ਲਾਈ ਹੈ। ਉਨ੍ਹਾਂ ਨੇ ਕਿਹਾ ਕਿ ਹਰਮੀਤ ਸਿੰਘ ਸੰਧੂ ਦੀ ਇਹ ਜਿੱਤ ਸਾਬਤ ਕਰਦੀ ਹੈ ਕਿ ਲੋਕ ਨਫਰਤ, ਝੂਠ ਅਤੇ ਪੁਰਾਣੀ ਰਵਾਇਤੀ ਰਾਜਨੀਤੀ ਤੋਂ ਤੰਗ ਆ ਚੁੱਕੇ ਹਨ ਅਤੇ ਹੁਣ ਸਿਰਫ਼ ਕੰਮ ਕਰਨ ਵਾਲਿਆਂ ‘ਤੇ ਹੀ ਭਰੋਸਾ ਕਰਦੇ ਹਨ।
ਸੌਂਦ ਨੇ ਕਿਹਾ ਕਿ ਇਹ ਨਤੀਜਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਪੰਜਾਬ ਦੇ ਲੋਕ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੀਤੀਆਂ ਅਤੇ ਕੰਮਾਂ ਨਾਲ ਖੁਸ਼ ਹਨ। ਉਹਨਾਂ ਕਿਹਾ ਕਿ ਸੰਧੂ ਦੀ ਜਿੱਤ ਸਿਰਫ਼ ਇਕ ਸੀਟ ਦੀ ਜਿੱਤ ਨਹੀਂ, ਸਗੋਂ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਵੱਡਾ ਸਕਾਰਾਤਮਕ ਸੁਨੇਹਾ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਕੂਲਾਂ, ਹਸਪਤਾਲਾਂ, ਬਿਜਲੀ, ਕਿਸਾਨ ਸਕੀਮਾਂ ਅਤੇ ਕਾਨੂੰਨ-ਵਵਸਥਾ ਨੂੰ ਬਿਹਤਰ ਬਣਾਉਣ ਲਈ ਜੋ ਕੰਮ ਕੀਤੇ ਹਨ, ਉਨ੍ਹਾਂ ਦੀ ਹੀ ਬਦੌਲਤ ਲੋਕਾਂ ਨੇ ਇਕ ਵਾਰ ਫਿਰ ਪਾਰਟੀ ‘ਤੇ ਭਰੋਸਾ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ‘ਚ ਤਰਨਤਾਰਨ ਲਈ ਵੱਖਰੀਆਂ ਵਿਕਾਸ ਯੋਜਨਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਇਲਾਕੇ ‘ਚ ਰੋਜ਼ਗਾਰ ਦੇ ਮੌਕੇ ਵਧਾਉਣ, ਸਿਹਤ ਸਹੂਲਤਾਂ ਅਤੇ ਸੜਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ।
ਅੰਤ ਵਿੱਚ ਕੈਬਿਨਟ ਮੰਤਰੀ ਸੌਂਦ ਨੇ ਕਿਹਾ ਕਿ “ਇਹ ਜਿੱਤ ਆਮ ਆਦਮੀ ਦੀ ਜਿੱਤ ਹੈ, ਇਹ ਕੰਮ ਦੀ ਰਾਜਨੀਤੀ ਦੀ ਜਿੱਤ ਹੈ ਅਤੇ ਇਹ ਪੰਜਾਬ ਦੇ ਚਮਕਦਾਰ ਭਵਿੱਖ ਵੱਲ ਉਠਾਇਆ ਗਿਆ ਮਜ਼ਬੂਤ ਕਦਮ ਹੈ।” ਇਸ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਅੰਦਰ 2027 ‘ਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ।
