ਨਿਊਜ਼ ਪੰਜਾਬ
25 ਫ਼ਰਵਰੀ 2826
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਡਿਊਟੀ ਦੌਰਾਨ ਪੱਛਮੀ ਪਹਿਰਾਵਾ ਪਹਿਨਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵੱਡੀ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਹੈ। ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਮਾਮਲੇ ਵਿੱਚ 20 ਕਰਮਚਾਰੀਆਂ ’ਤੇ ਜੁਰਮਾਨਾ ਲਗਾਉਣ ਦੇ ਹੁਕਮ ਜਾਰੀ ਕੀਤੇ।
ਮਿਲੀ ਜਾਣਕਾਰੀ ਮੁਤਾਬਕ, ਹਾਲ ਹੀ ਵਿੱਚ ਹੋਈ ਇੱਕ ਅਧਿਕਾਰਕ ਮੀਟਿੰਗ ਦੌਰਾਨ ਕੁਝ ਕਰਮਚਾਰੀ ਸੂਟ-ਬੂਟ, ਕੋਟ-ਪੈਂਟ ਅਤੇ ਜੀਨਸ ਵਰਗੇ ਪੱਛਮੀ ਲਿਬਾਸ ਵਿੱਚ ਪਹੁੰਚੇ ਸਨ। ਇਸ ਨੂੰ ਨਿਯਮਾਂ ਦੀ ਉਲੰਘਣਾ ਮੰਨਦੇ ਹੋਏ ਕਾਰਵਾਈ ਕੀਤੀ ਗਈ। ਜੁਰਮਾਨੇ ਹੇਠ ਮੈਨੇਜਰ ਅਤੇ ਅਕਾਊਂਟੈਂਟ ਸਮੇਤ 20 ਮੁਲਾਜ਼ਮਾਂ ਨੂੰ ਧਾਰਾ 85 ਅਧੀਨ 2100-2100 ਰੁਪਏ ਗੁਰੂ ਦੀ ਗੋਲਕ ਵਿੱਚ ਜਮ੍ਹਾਂ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ।
ਕਮੇਟੀ ਨੇ ਇਹ ਵੀ ਦੁਹਰਾਇਆ ਕਿ ਸਾਰੇ ਕਰਮਚਾਰੀਆਂ ਲਈ ਡਿਊਟੀ ਸਮੇਂ ਵਰਦੀ ਤਹਿਤ ਕੁੜਤਾ-ਪਜਾਮਾ ਪਹਿਨਣਾ ਲਾਜ਼ਮੀ ਹੈ। ਇਸ ਨਿਯਮ ਦਾ ਮਕਸਦ ਇੱਕ ਪਾਸੇ ਕਰਮਚਾਰੀਆਂ ਦੀ ਸਪੱਸ਼ਟ ਪਛਾਣ ਬਣਾਈ ਰੱਖਣਾ ਹੈ ਤੇ ਦੂਜੇ ਪਾਸੇ ਗੁਰਦੁਆਰਾ ਸਾਹਿਬਾਨ ਦੇ ਆਧਿਆਤਮਿਕ ਮਾਹੌਲ ਅਤੇ ਮਰਿਆਦਾ ਨੂੰ ਕਾਇਮ ਰੱਖਣਾ ਹੈ।
