ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ 2026 ਦਾ ਸ਼ਾਨਦਾਰ ਸਮਾਪਨ, CM ਭਗਵੰਤ ਮਾਨ ਨੇ ਕੀਤੇ ਵੱਡੇ ਐਲਾਨ

ਨਿਊਜ਼ ਪੰਜਾਬ

19 ਫ਼ਰਵਰੀ 2026

ਅੱਜ ਲੁਧਿਆਣਾ ਦੇ ਮਸ਼ਹੂਰ ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ 2026 ਦਾ ਆਖਰੀ ਅਤੇ ਸਭ ਤੋਂ ਦਿਲਚਸਪ ਦਿਨ ਰਿਹਾ। ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕਰਕੇ ਰੌਣਕ ਵਧਾਈ। ਉਨ੍ਹਾਂ ਨੇ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਸੰਬੋਧਨ ਕੀਤਾ ਅਤੇ ਬਾਅਦ ਵਿੱਚ ਜੇਤੂਆਂ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ।

12 ਸਾਲਾਂ ਬਾਅਦ ਬੈਲਗੱਡੀ ਦੌੜ ਦੀ ਵਾਪਸੀ

ਇਸ ਸਾਲ ਦਾ ਖੇਡ ਮੇਲਾ ਇਸ ਲਈ ਵੀ ਖਾਸ ਰਿਹਾ ਕਿਉਂਕਿ 12 ਸਾਲਾਂ ਦੀ ਲੰਮੀ ਉਡੀਕ ਮਗਰੋਂ ਬੈਲਗੱਡੀ ਦੌੜ ਦਾ ਦੁਬਾਰਾ ਆਯੋਜਨ ਕੀਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਬਲਦਾਂ ਦੀ ਜੋੜੀ ਸਾਡੀ ਸੱਭਿਆਚਾਰਕ ਵਿਰਾਸਤ ਨਾਲ ਜੁੜੀ ਹੋਈ ਹੈ ਅਤੇ ਲੋਕ ਇਨ੍ਹਾਂ ਨੂੰ ਬੱਚਿਆਂ ਵਾਂਗ ਪਾਲਦੇ ਹਨ।

ਮੁੱਖ ਐਲਾਨ:-

CM ਮਾਨ ਨੇ ਪਿੰਡ ਦੇ ਵਿਕਾਸ ਲਈ ਕਈ ਵੱਡੇ ਐਲਾਨ ਕੀਤੇ:

*ਕਿਲ੍ਹਾ ਰਾਏਪੁਰ ਵਿੱਚ ਫਿਰਨੀ ਤਿਆਰ ਕੀਤੀ ਜਾਵੇਗੀ (ਲਾਗਤ ਡੇਢ ਕਰੋੜ ਰੁਪਏ)।

*ਸੀਚੇਵਾਲ ਮਾਡਲ ਰਾਹੀਂ ਪਿੰਡ ਦਾ ਛੱਪੜ ਠੀਕ ਕੀਤਾ ਜਾਵੇਗਾ।

*20 ਲੱਖ ਰੁਪਏ ਨਾਲ ਲਾਇਬ੍ਰੇਰੀ ਦਾ ਮੁੜ ਨਿਰਮਾਣ ਹੋਵੇਗਾ।

ਏਕਤਾ ਦਾ ਸੰਦੇਸ਼

ਮੁੱਖ ਮੰਤਰੀ ਨੇ ਕਿਹਾ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਪਿੰਡਾਂ ਵਿੱਚ ਏਕਤਾ ਬਣਾਈ ਰੱਖਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਵੋਟਿੰਗ ਸਮੇਂ ਭਾਵੇਂ ਕਿਸੇ ਨੂੰ ਵੀ ਸਮਰਥਨ ਕਰੋ, ਪਰ ਪਿੰਡ ਦੀ ਇਕਜੁੱਟਤਾ ਕਾਇਮ ਰਹੇ।ਉਨ੍ਹਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਨੂੰ ਹਲਵਾਰਾ ਹਵਾਈ ਅੱਡੇ ਦਾ ਨਾਮ ਬਦਲ ਕੇ ਕਰਤਾਰ ਸਿੰਘ ਸਰਾਭਾ ਦੇ ਨਾਮ ‘ਤੇ ਰੱਖਣ ਲਈ ਪੱਤਰ ਲਿਖਿਆ ਗਿਆ ਹੈ।

ਖੇਡਾਂ ਲਈ ਵਚਨਬੱਧਤਾ

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਅੰਤਰਰਾਸ਼ਟਰੀ ਪੱਧਰ ਦਾ ਬੁਨਿਆਦੀ ਢਾਂਚਾ ਤਿਆਰ ਕੀਤਾ ਜਾਵੇਗਾ ਅਤੇ ਖਿਡਾਰੀਆਂ ਨੂੰ ਸਰੋਤ ਪ੍ਰਦਾਨ ਕਰਨ ਲਈ ਸਰਕਾਰ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਉਹ ਖੁਦ ਵੀ ਖੇਡ ਪ੍ਰੇਮੀ ਹਨ ਅਤੇ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਵੀ ਸਮਾਗਮ ਵਿੱਚ ਪਹੁੰਚੇ।