ਨਿਊਜ਼ ਪੰਜਾਬ
15 ਅਪ੍ਰੈਲ 2026
ਅੰਮ੍ਰਿਤਸਰ ਵਿੱਚ ਮਕਬੂਲਪੁਰਾ ਥਾਣੇ ਨਾਲ ਸੰਬੰਧਤ ਇੱਕ ਕਥਿਤ ਰਿਸ਼ਵਤਖੋਰੀ ਦਾ ਵੀਡੀਓ ਸਾਹਮਣੇ ਆਉਣ ਨਾਲ ਪੁਲਿਸ ਵਿਭਾਗ ਦੇ ਕੰਮਕਾਜ ‘ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਵਾਇਰਲ ਹੋ ਰਹੀ ਵੀਡੀਓ ਵਿੱਚ ਇੱਕ ਸਹਾਇਕ ਸਬ-ਇੰਸਪੈਕਟਰ (ASI) ਨੂੰ ਇੱਕ ਵਿਅਕਤੀ ਤੋਂ 5,000 ਰੁਪਏ ਲੈਂਦੇ ਅਤੇ ਹੋਰ 1,000 ਰੁਪਏ ਕਲਰਕ ਨੂੰ ਦੇਣ ਲਈ ਮੰਗ ਕਰਦੇ ਵੇਖਿਆ ਜਾ ਰਿਹਾ ਹੈ। ਇਹ ਪੂਰੀ ਘਟਨਾ ਉਸ ਵਿਅਕਤੀ ਨਾਲ ਆਏ ਨੌਜਵਾਨ ਨੇ ਮੋਬਾਈਲ ‘ਚ ਕੈਦ ਕੀਤੀ, ਜੋ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਫੈਲ ਰਹੀ ਹੈ।
ਮਾਮਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਏਸੀਪੀ ਪੂਰਬੀ ਅਭਿਨਵ ਜੈਨ ਨੇ ਦੱਸਿਆ ਕਿ ਵੀਡੀਓ ਕਰੀਬ ਛੇ ਮਹੀਨੇ ਪੁਰਾਣੀ ਹੈ, ਪਰ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮਾਮਲਾ ਵਿਜੀਲੈਂਸ ਵਿਭਾਗ ਨੂੰ ਭੇਜਿਆ ਗਿਆ ਹੈ। ਮੁੱਢਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਅਲਫ਼ਾ ਵਨ ਨੇੜੇ ਬੀਆਰਟੀਐਸ ਕੋਰੀਡੋਰ ‘ਤੇ ਹੋਏ ਬੱਸ ਹਾਦਸੇ ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋਈ ਸੀ। ਜਾਂਚ ਜਾਰੀ ਹੈ ਅਤੇ ਹੋਰ ਖੁਲਾਸਿਆਂ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
