ਨਿਊਜ਼ ਪੰਜਾਬ
19 ਫ਼ਰਵਰੀ 2026
ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ PACL (ਪਰਲ ਗਰੁੱਪ) ਅਤੇ ਇਸ ਨਾਲ ਜੁੜੀਆਂ ਕੰਪਨੀਆਂ ਨਾਲ ਸੰਬੰਧਿਤ ਵੱਡੇ ਵਿੱਤੀ ਘਪਲੇ ਦੇ ਮਾਮਲੇ ਵਿੱਚ ਇਤਿਹਾਸਕ ਕਾਰਵਾਈ ਕਰਦੇ ਹੋਏ PMLA 2002 ਤਹਿਤ 247 ਅਚੱਲ ਜਾਇਦਾਦਾਂ ਨੂੰ ਅਸਥਾਈ ਤੌਰ ‘ਤੇ ਅਟੈਚ ਕਰ ਦਿੱਤਾ ਹੈ, ਜਿਨ੍ਹਾਂ ਦੀ ਕੁੱਲ ਕੀਮਤ 10,021.46 ਕਰੋੜ ਰੁਪਏ ਹੈ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸਿੰਗਲ ਅਟੈਚਮੈਂਟ ਆਰਡਰ ਦੱਸਿਆ ਜਾ ਰਿਹਾ ਹੈ। ਇਹ ਜਾਇਦਾਦਾਂ ਮੁੱਖ ਤੌਰ ‘ਤੇ ਪੰਜਾਬ ਦੇ ਐੱਸ.ਏ.ਐੱਸ ਨਗਰ (ਮੋਹਾਲੀ), ਰੂਪਨਗਰ ਅਤੇ ਜ਼ੀਰਕਪੁਰ ਖੇਤਰਾਂ ਵਿੱਚ ਸਥਿਤ ਹਨ ਅਤੇ ਜਾਂਚ ਅਨੁਸਾਰ ਨਿਵੇਸ਼ਕਾਂ ਤੋਂ ਇਕੱਠੇ ਕੀਤੇ ਗਏ ਫੰਡਾਂ ਨਾਲ ਖਰੀਦੀਆਂ ਗਈਆਂ ਸਨ, ਜਿਸ ਕਰਕੇ ਇਨ੍ਹਾਂ ਨੂੰ ‘ਪ੍ਰੋਸੀਡਸ ਆਫ ਕ੍ਰਾਈਮ’ ਮੰਨਿਆ ਗਿਆ ਹੈ। ਇਹ ਕਾਰਵਾਈ CBI ਵੱਲੋਂ 19 ਫਰਵਰੀ 2014 ਨੂੰ ਦਰਜ ਕੀਤੀ ਗਈ FIR ਦੇ ਆਧਾਰ ‘ਤੇ ਕੀਤੀ ਗਈ ਹੈ, ਜਿਸ ਵਿੱਚ ਆਈਪੀਸੀ ਦੀਆਂ ਧਾਰਾਵਾਂ 120-ਬੀ ਅਤੇ 420 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
PACL ਅਤੇ ਸੰਬੰਧਤ ਸੰਸਥਾਵਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਕਲੈਕਟਿਵ ਇਨਵੈਸਟਮੈਂਟ ਸਕੀਮ ਦੇ ਨਾਂ ‘ਤੇ 48 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਰਕਮ ਲੱਖਾਂ ਨਿਵੇਸ਼ਕਾਂ ਤੋਂ ਇਕੱਠੀ ਕੀਤੀ, ਪਰ ਜ਼ਮੀਨ ਦੀ ਡਿਲਿਵਰੀ ਜਾਂ ਰਿਫੰਡ ਨਹੀਂ ਦਿੱਤਾ। ਮਾਮਲੇ ਵਿੱਚ ਈਡੀ ਦੀ ਜਾਂਚ ਜਾਰੀ ਹੈ ਅਤੇ ਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ ਅਟੈਚ ਕੀਤੀਆਂ ਜਾਇਦਾਦਾਂ ਦੀ ਵਿਕਰੀ ਰਾਹੀਂ ਨਿਵੇਸ਼ਕਾਂ ਨੂੰ ਰਿਫੰਡ ਦੇਣ ਦੀ ਪ੍ਰਕਿਰਿਆ ਚਲਾ ਰਹੀ ਹੈ।
