ਕਮਲ ਕੋਰ ਕਤਲ ਮਾਮਲਾ;10 ਮਹੀਨੇ ਬਾਅਦ ਵੀ ਫਰਾਰ ਅੰਮ੍ਰਿਤਪਾਲ ਮਹਿਰੋਂ ਨੂੰ ਅਦਾਲਤ ਨੇ ਭਗੌੜਾ ਐਲਾਨਿਆ

ਨਿਊਜ਼ ਪੰਜਾਬ

10 ਫ਼ਰਵਰੀ 2026

ਬਠਿੰਡਾ ਅਦਾਲਤ ਨੇ ਸੋਸ਼ਲ ਮੀਡੀਆ ਹਸਤੀ ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਦੇ ਕਤਲਕਾਂਡ ਦੇ ਮੁੱਖ ਸਾਜ਼ਿਸ਼ਘਾੜੇ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਭਗੌੜਾ ਕਰਾਰ ਦੇ ਦਿੱਤਾ ਹੈ। ਕਤਲ ਤੋਂ ਬਾਅਦ ਮਹਿਰੋਂ ਦੇ ਦੁਬਈ ਭੱਜ ਜਾਣ ਕਾਰਨ ਉਸ ਦੀ ਗ੍ਰਿਫ਼ਤਾਰੀ ਲਈ ਬਠਿੰਡਾ ਪੁਲਿਸ ਵੱਲੋਂ ਲੁਕਆਊਟ ਸਰਕੂਲਰ ਅਤੇ ਬਲੂ ਕਾਰਨਰ ਨੋਟਿਸ ਜਾਰੀ ਕਰਕੇ Interpol ਨਾਲ ਲਗਾਤਾਰ ਸੰਪਰਕ ਕੀਤਾ ਗਿਆ, ਪਰ 10 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਉਹ ਪੁਲਿਸ ਦੀ ਪਕੜ ਤੋਂ ਬਾਹਰ ਰਿਹਾ। ਸਰੰਡਰ ਲਈ ਉਸ ਦੇ ਘਰ ’ਤੇ ਨੋਟਿਸ ਵੀ ਲਗਾਏ ਗਏ ਸਨ। ਹੁਣ ਅਦਾਲਤ ਵੱਲੋਂ ਭਗੌੜਾ ਐਲਾਨੇ ਜਾਣ ਮਗਰੋਂ ਪੁਲਿਸ ਨੂੰ ਉਸ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਉਣ ਵਿੱਚ ਮਦਦ ਮਿਲੇਗੀ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਪੁਲਿਸ ਨੇ ਮਹਿਰੋਂ ਨੂੰ ਵਿਦੇਸ਼ ਭੱਜਣ ਵਿੱਚ ਮਦਦ ਕਰਨ ਵਾਲੇ ਰਣਜੀਤ ਸਿੰਘ ਝਬਾਲ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸਨੂੰ ਬਠਿੰਡਾ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਕਮਲ ਭਾਬੀ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ। ਕਤਲ ਤੋਂ ਬਾਅਦ ਪਿਛਲੇ ਸਾਲ 10-11 ਜੂਨ ਨੂੰ ਕਮਲ ਭਾਬੀ ਦੀ ਲਾਸ਼ ਬਠਿੰਡਾ ਦੀ ਇੱਕ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਵਿੱਚੋਂ ਬਰਾਮਦ ਹੋਈ ਸੀ।