ਨਿਊਜ਼ ਪੰਜਾਬ
14 ਅਕਤੂਬਰ 2025
ਬਠਿੰਡਾ ’ਚ ਸਰਕਾਰੀ ਰਜਿੰਦਰਾ ਕਾਲਜ ’ਚ ਕਰਵਾਏ ਜਾ ਰਹੇ ਯੂਥ ਫੈਸਟੀਵਲ ’ਚ ਇਸ ਸਮੇਂ ਹੰਗਾਮਾ ਹੋ ਗਿਆ ਜਦੋ ਕੁਝ ਨੌਜਵਾਨਾਂ ਵੱਲੋਂ ਹਵਾਈ ਫਾਇਰਿੰਗ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਿਕ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ ਜਿਸ ਤੋਂ ਬਾਅਦ ਇੱਕ ਨੌਜਵਾਨ ਵੱਲੋਂ ਦੂਜੀ ਧਿਰ ’ਤੇ ਫਾਇਰਿੰਗ ਕੀਤੀ ਗਈ ਜਿਸ ਤੋਂ ਬਾਅਦ ਮਾਹੌਲ ਬੇਹੱਦ ਹੀ ਤਣਾਅਪੂਰਨ ਹੋ ਗਿਆ। ਹਾਲਾਂਕਿ ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ।
ਦੱਸ ਦਈਏ ਕਿ ਉਕਤ ਮੁਲਜ਼ਮ ਨੌਜਵਾਨਾਂ ਵੱਲੋਂ ਕਿਸੇ ਪੁਰਾਣੀ ਰੰਜਿਸ਼ ਦੇ ਚੱਲਦੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਘਟਨਾ ਦਾ ਪਤਾ ਚੱਲਦੇ ਹੀ ਵੱਡੀ ਗਿਣਤੀ ’ਚ ਪੁਲਿਸ ਪਹੁੰਚੀ। ਨੌਜਵਾਨ ਵੱਲੋਂ ਤਿੰਨ ਤੋਂ ਚਾਰ ਰਾਊਂਡ ਫਾਇਰ ਕੀਤੇ ਗਏ ਸੀ। ਪਰ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਫਾਇਰਿੰਗ ਕਰਨ ਵਾਲੇ ਨੌਜਵਾਨ ਦੀ ਪਛਾਣ ਜਸਦੀਪ ਸਿੰਘ ਵਜੋਂ ਹੋਈ ਹੈ। ਜੋ ਕਿ ਬੀੜ ਵਹਿਮਣ ਦਾ ਰਹਿਣ ਵਾਲਾ ਹੈ। ਇਸ ਨੌਜਵਾਨ ਵੱਲੋਂ 32 ਬੋਰ ਦੇ ਪਿਸਤੌਲ ਨਾਲ ਹਵਾਈ ਫਾਇਰ ਕੀਤੇ ਹਨ, ਇਸ ਮਾਮਲੇ ਦੀ ਡੁਘਾਈ ਨਾਲ ਜਾਂਚ ਕਰਕੇ ਮੁਲਜ਼ਮ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
