ਅੰਮ੍ਰਿਤਸਰ ’ਚ ਸਰਹੱਦ ਪਾਰ ਹਥਿਆਰ–ਨਸ਼ਾ ਤਸਕਰੀ ਮਾਡਿਊਲ ਦਾ ਪਰਦਾਫਾਸ਼, 5 ਗ੍ਰਿਫ਼ਤਾਰ; 6 ਆਧੁਨਿਕ ਪਿਸਤੌਲ, 115 ਗ੍ਰਾਮ ਹੈਰੋਇਨ ਤੇ 11.90 ਲੱਖ ਡਰੱਗ ਮਨੀ ਬਰਾਮਦ

ਨਿਊਜ਼ ਪੰਜਾਬ

ਅੰਮ੍ਰਿਤਸਰ,9 ਫ਼ਰਵਰੀ 2026

ਪੰਜਾਬ ਨੂੰ ਗੈਂਗਸਟਰ ਮੁਕਤ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਚੱਲ ਰਹੀ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਸਰਹੱਦ ਪਾਰ ਹਥਿਆਰ ਤੇ ਨਸ਼ਾ ਤਸਕਰੀ ਮਾਡਿਊਲ ਦੇ ਪੰਜ ਕਾਰਕੁਨ ਗ੍ਰਿਫ਼ਤਾਰ ਕਰਕੇ ਬੇਅਸਰ ਕੀਤੇ ਗਏ ਹਨ।

ਪੁਲਿਸ ਮੁਤਾਬਕ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਆਸਟਰੀਆ ਦੇ ਬਣੇ ਦੋ 9 ਐਮ.ਐਮ. ਗਲੌਕ, ਤੁਰਕੀ ਦਾ ਇੱਕ ਜ਼ਿਗਾਨਾ, ਦੋ .32 ਬੋਰ ਅਤੇ ਇੱਕ .30 ਬੋਰ ਪਿਸਤੌਲ (ਕੁੱਲ 6), 10 ਜ਼ਿੰਦਾ ਕਾਰਤੂਸ, 115 ਗ੍ਰਾਮ ਹੈਰੋਇਨ ਅਤੇ 11.90 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਹੈ। ਤਸਕਰੀ ਲਈ ਵਰਤੀ ਜਾ ਰਹੀ ਹੁੰਡਈ ਕਰੇਟਾ ਕਾਰ ਵੀ ਜ਼ਬਤ ਕੀਤੀ ਗਈ।

ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਇਹ ਨੈੱਟਵਰਕ ਡਰੋਨ ਰਾਹੀਂ ਸਰਹੱਦ ਪਾਰੋਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਲੈਂਦਾ ਸੀ। ਗ੍ਰਿਫ਼ਤਾਰ ਮੁਲਜ਼ਮਾਂ ਵਿੱਚੋਂ ਕੁਝ ਪਹਿਲਾਂ ਵੀ ਐਨਡੀਪੀਐਸ ਐਕਟ ਅਧੀਨ ਮਾਮਲਿਆਂ ’ਚ ਸ਼ਾਮਲ ਰਹੇ ਹਨ। ਨੈੱਟਵਰਕ ਦੇ ਅਗਲੇ-ਪਿਛਲੇ ਸਬੰਧਾਂ, ਵਿੱਤੀ ਟਰੇਲ ਅਤੇ ਹਵਾਲਾ ਲਿੰਕਾਂ ਦੀ ਜਾਂਚ ਜਾਰੀ ਹੈ।

ਇਸ ਮਾਮਲੇ ਵਿੱਚ ਐਫਆਈਆਰ ਨੰਬਰ 21 ਮਿਤੀ 03-02-2026 ਅਧੀਨ ਅਸਲਾ ਐਕਟ ਅਤੇ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।