
ਲੁਧਿਆਣਾ–29 ਨਵੰਬਰ 2025 – ਪਿਛਲੇ ਕਈ ਮਹੀਨਿਆਂ ਤੋਂ ਕਾਰਖਾਨਿਆਂ ਵਿੱਚ ਪ੍ਰਵਾਸੀ ਲੇਬਰ ਦੀ ਬਹੁਤ ਕਮੀ ਮਹਿਸੂਸ ਹੋ ਰਹੀ ਹੈ। ਕਾਰਖਾਨਿਆਂ ਵਿੱਚ ਉਤਪਾਦਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਪਿਆ ਹੈ ਅਤੇ ਆਰਡਰ ਵੀ ਵਕਤ ਸਿਰ ਨਹੀਂ ਭੁਗਤਾਏ ਜਾ ਰਹੇ। ਯੂਨਾਈਟਿੰਡ ਸਾਈਕਲ ਐਂਡ ਪਾਰਟਸ ਮੈਨੂਫੈਕਚਰ ਐਸੋਸੀਏਸ਼ਨ ਦੇ ਕਨਵੀਅਰ ਅਵਤਾਰ ਸਿੰਘ ਭੋਗਲ ਦਾ ਕਹਿਣਾ ਹੈ ਕਿ ਪਿਛਲੇ ਦਿਨਾਂ ਵਿੱਚ ਤਿਉਹਾਰਾਂ ਕਰਕੇ ਕਾਰਖਾਨੇਆਂ ਵਿੱਚ ਕੰਮ ਕਰਨ ਵਾਲੇ ਪ੍ਰਵਾਸੀ ਕਾਮੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਸਨ। ਬਿਹਾਰ ਵਿਧਾਨ ਸਭਾ ਦੀਆਂ ਵੋਟਾਂ ਵੀ ਇੱਕ ਕਾਰਨ ਬਣ ਗਿਆ ਸੀ। ਇਸ ਕਰਕੇ ਬਾਹਰਲੇ ਰਾਜਾਂ ਤੋਂ ਬਹੁਤ ਘੱਟ ਲੋਕ ਆ ਰਹੇ ਹਨ। ਬਹੁਤ ਸਾਰੇ ਕਾਰਖਾਨੇਦਾਰਾਂ ਨੇ ਦੱਸਿਆ ਕਿ ਬਾਹਰਲੇ ਰਾਜਾਂ ਤੋਂ ਲੇਬਰ ਤਾਂ ਜਰੂਰ ਆ ਰਹੀ ਹੈ ਪਰ ਹੁਣ ਇਹਨਾਂ ਲੋਕਾਂ ਦੀ ਦਿਲਚਸਪੀ ਕਾਰਖਾਨਿਆਂ ਵਿੱਚ ਕੰਮ ਕਰਨ ਦੀ ਨਹੀਂ ਰਹੀ ਅਤੇ ਹੁਣ ਇਹ ਈ ਰਿਕਸ਼ਾ ਚਲਾਉਣਾ. ਰੇੜੀ ਫੜੀ ਲਗਾਉਣਾ ਜਿਆਦਾ ਪਸੰਦ ਕਰਦੇ ਹਨ। ਸਬਜ਼ੀਆਂ ਕਰਿਆਣੇ ਦਾ ਸਮਾਨ, ਖਾਣ ਪੀਣ ਵਾਲੀਆਂ ਵਸਤੂਆਂ ਅਤੇ ਫਲਾਂ ਸਮੇਤ ਹੋਰ ਬਹੁਤ ਸਾਰੀਆਂ ਵਸਤੂਆਂ ਵੇਚ ਕੇ ਉਹਨਾਂ ਨੂੰ ਜਿਆਦਾ ਮੁਨਾਫਾ ਹੋ ਜਾਂਦਾ ਹੈt ਅਤੇ ਕਾਰਖਾਨਿਆਂ ਵਿੱਚ ਕੰਮ ਕਰਨ ਦੀ ਬਜਾਏ ਉਹ ਪ੍ਰਵਾਸੀ
ਆਪਣਾ ਕਾਰੋਬਾਰ ਕਰਨ ਵਿੱਚ ਜਿਆਦਾ ਤਰਜੀਹ ਦੇ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਲੇਬਰ ਦੀ ਘਾਟ ਕਰਕੇ ਆਰਡਰ ਭੁਗਤਾਉਣੇ ਬਹੁਤ ਮੁਸ਼ਕਿਲ ਹੋਏ ਪਏ ਹਨ । ਉਹਨਾਂ ਦੱਸਿਆ ਕਿ ਇਸ ਵਾਰ ਲੇਬਰ ਦੀ ਕੁਝ ਜਿਆਦਾ ਹੀ ਘਾਟ ਮਹਿਸੂਸ ਹੋ ਰਹੀ ਹੈ *ਸਮਾਲ ਸਕੇਲ ਇੰਡਸਟਰੀ ਐਂਡ ਟਰੇਡਰ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਸਰਹਾਲੀ* ਨੇ ਕਿਹਾ ਕਿ ਬਾਹਰਲੇ ਰਾਜਾਂ ਵਿੱਚ ਵਿਕਾਸ ਹੋਣ ਕਰਕੇ ਉੱਥੇ ਰੁਜ਼ਗਾਰ ਦੇ ਸਾਧਨ ਵਧ ਗਏ
ਹਨ ਇਸ ਕਰਕੇ ਹੁਣ ਜਿਆਦਾਤਰ ਪ੍ਰਵਾਸੀ ਲੋਕ ਪੰਜਾਬ ਨਹੀਂ ਆ ਰਹੇ। ਉਨ੍ਹਾਂ ਅੱਗੇ ਕਿਹਾ ਕਿ ਹਰ ਕਾਰਖਾਨੇ ਦੇ ਬਾਹਰ ‘ਕੰਮ ਕਰਨ ਵਾਲੇ ਕਾਰੀਗਰਾਂ ਦੀ ਜਰੂਰਤ ਹੈ’ ਦੇ ਬੋਰਡ ਲੱਗੇ ਪਏ ਹਨ ਪਰ ਬਹੁਤ ਘੱਟ ਲੋਕ ਕੰਮ ਵਾਸਤੇ ਪੁੱਛਣ ਆ ਰਹੇ ਹਨ ਹੁਣ ਕਾਰਖਾਨੇ ਚਲਾਉਣੇ ਬਹੁਤ ਮੁਸ਼ਕਿਲ ਹੋ ਚੁੱਕੇ ਹਨ। ਸਿੱਖੇ ਹੋਏ ਕਾਰੀਗਰਾਂ ਦੀ ਬਹੁਤ ਘਾਟ ਮਹਿਸੂਸ ਹੋ ਰਹੀ ਹੈ। ਉਦਯੋਗਪਤੀਆਂ ਨੇ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਉਦਯੋਗਿਕ ਇਲਾਕਿਆਂ ਵਿੱਚ ਵੱਧ ਤੋਂ ਵੱਧ ਸਕਿਲ ਡਿਵੈਲਪਮੈਂਟ ਸੈਂਟਰ ਖੋਲੇ ਜਾਣ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇ ਕੇ ਇਥੋਂ ਟ੍ਰੇਨਿੰਗ ਲੈਣ ਵਾਸਤੇ ਜਾਗਰੂਕ ਕੀਤਾ ਜਾਵੇ।
