ਨਿਊਜ਼ ਪੰਜਾਬ
31 ਜਨਵਰੀ 2026
ਭਾਰਤ ਅਤੇ ਪਾਕਿਸਤਾਨ ਦਰਮਿਆਨ ਮਨੁੱਖਤਾਵਾਦੀ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਚੁੱਕਦਿਆਂ, ਪਾਕਿਸਤਾਨ ਸਰਕਾਰ ਨੇ ਸੱਤ ਭਾਰਤੀ ਨਾਗਰਿਕਾਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਹੈ।
ਇਹ ਸਾਰੇ ਕੈਦੀ ਲਾਹੌਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਸਨ ਅਤੇ ਅੱਜ 31 ਜਨਵਰੀ ਨੂੰ ਅਟਾਰੀ–ਵਾਹਗਾ ਸਰਹੱਦ ਰਾਹੀਂ ਭਾਰਤੀ ਅਧਿਕਾਰੀਆਂ ਦੇ ਹਵਾਲੇ ਕੀਤੇ ਜਾਣਗੇ।
ਪਾਕਿਸਤਾਨੀ ਪੰਜਾਬ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਸਰਕਾਰੀ ਹੁਕਮਾਂ ਅਨੁਸਾਰ, ਇਹ ਫੈਸਲਾ ਇਸਲਾਮਾਬਾਦ ਸਥਿਤ ਗ੍ਰਹਿ ਮੰਤਰਾਲੇ ਅਤੇ ਨਾਰਕੋਟਿਕਸ ਕੰਟਰੋਲ ਮੰਤਰਾਲੇ ਦੀ ਸਾਂਝੀ ਮਨਜ਼ੂਰੀ ਤੋਂ ਬਾਅਦ ਲਿਆ ਗਿਆ। ਜਾਣਕਾਰੀ ਮੁਤਾਬਕ, ਇਨ੍ਹਾਂ ਸਾਰੇ ਨਾਗਰਿਕਾਂ ਨੇ ਆਪਣੀ ਨਿਰਧਾਰਿਤ ਸਜ਼ਾ ਪੂਰੀ ਕਰ ਲਈ ਸੀ।
ਰਿਹਾਅ ਹੋਣ ਵਾਲੇ ਨਾਗਰਿਕਾਂ ਦੇ ਨਾਮ
ਰਿਹਾਅ ਕੀਤੇ ਜਾ ਰਹੇ ਕੈਦੀਆਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ—
*ਚੰਦਰ ਸਿੰਘ (ਉਰਫ਼ ਛਿੰਦਰ ਸਿੰਘ)
*ਗੁਰਮੀਤ ਸਿੰਘ (ਉਰਫ਼ ਗੁਰਮੇਜ ਸਿੰਘ)
*ਜੋਗਿੰਦਰ ਸਿੰਘ
*ਹਰਵਿੰਦਰ ਸਿੰਘ
*ਵਿਸ਼ਾਲ
*ਰਤਨ ਪਾਲ
*ਸੁਨੀਲ ਆਦੇ (ਉਰਫ਼ ਪ੍ਰਸੰਜੀਤ)
ਸਖ਼ਤ ਸੁਰੱਖਿਆ ਪ੍ਰਬੰਧ
ਹਦਾਇਤਾਂ ਅਨੁਸਾਰ, ਜੇਲ੍ਹ ਪ੍ਰਸ਼ਾਸਨ ਵੱਲੋਂ ਸਾਰੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਕੇ ਕੈਦੀਆਂ ਨੂੰ ਸਖ਼ਤ ਸੁਰੱਖਿਆ ਘੇਰੇ ਹੇਠ ਵਾਹਗਾ ਸਰਹੱਦ ਤੱਕ ਲਿਆਂਦਾ ਜਾਵੇਗਾ। ਇਮੀਗ੍ਰੇਸ਼ਨ ਪ੍ਰਕਿਰਿਆ ਪੂਰੀ ਹੋਣ ਮਗਰੋਂ ਉਨ੍ਹਾਂ ਨੂੰ ਭਾਰਤੀ ਸੀਮਾ ਸੁਰੱਖਿਆ ਬਲ (BSF) ਦੇ ਹਵਾਲੇ ਕੀਤਾ ਜਾਵੇਗਾ।
ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੇ ਮਨੁੱਖਤਾਵਾਦੀ ਕਦਮ ਦੋਵਾਂ ਦੇਸ਼ਾਂ ਵਿਚਕਾਰ ਤਣਾਅਪੂਰਨ ਸਬੰਧਾਂ ਵਿੱਚ ਨਰਮੀ ਲਿਆ ਸਕਦੇ ਹਨ ਅਤੇ ਇਹ ਇਕ ਸਕਾਰਾਤਮਕ ਸੰਦੇਸ਼ ਵਜੋਂ ਦੇਖਿਆ ਜਾ ਰਿਹਾ ਹੈ।
